#AMERICA

ਜਾਰਜੀਆ ਦੇ ਗੈਸ ਸਟੇਸ਼ਨ ‘ਤੇ ਭਾਰਤੀ ਮੂਲ ਦੇ ਕਲਰਕ ਦਾ ਸਿਰ ‘ਚ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ

ਨਿਊਯਾਰਕ, 23 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ‘ਤੇ ਸਥਿਤ ਇੱਕ ਸਟੋਰ ‘ਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਵਿਵੇਕ ਸੈਣੀ ਦਾ ਕਤਲ ਕੀਤੇ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਰਜੀਆ ਪੁਲਿਸ ਨੇ ਦੱਸਿਆ ਕਿ ਇੱਕ ਬੇਘਰੇ ਵਿਅਕਤੀ ਨੇ ਰਾਤ 12:00 ਕੁ ਵਜੇ ਸਟੋਰ ‘ਚ ਦਾਖਲ ਹੋ ਕੇ ਸਟੋਰ ਕਲਰਕ ਦੇ ਸਿਰ ‘ਚ ਕਈ ਵਾਰ ਹਥੌੜੇ ਮਾਰ ਕੇ ਕਤਲ ਕੀਤਾ ਗਿਆ ਸੀ। ਦੋਸ਼ੀ ਵਿਅਕਤੀ ਨੂੰ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਮਲਾਵਰ ਜੂਲੀਅਨ ਫਾਕਨਰ ਦੀ ਤਸਵੀਰ।

ਡੀਕਲਬ ਕਾਉਂਟੀ ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੂੰ ਬੀਤੇ ਮੰਗਲਵਾਰ 16 ਜਨਵਰੀ ਨੂੰ ਸਵੇਰੇ 12:30 ਵਜੇ ਦੇ ਕਰੀਬ, ਲਿਥੋਨੀਆ ਦੇ ਇੱਕ ਸ਼ੈਵਰੋਨ ਗੈਸ ਸਟੇਸ਼ਨ ‘ਤੇ ਇਸ ਹਮਲੇ ਦੇ ਬਾਰੇ ਇੱਕ ਕਾਲ ਆਈ ਸੀ। ਪੁਲਿਸ ਨੇ ਘਟਨਾ ਦੀ ਰਿਪੋਰਟ ਵਿਚ ਕਿਹਾ ਕਿ ਘਟਨਾ ਸਥਾਨ ‘ਤੇ ਮਾਰੇ ਗਏ 25 ਸਾਲਾ ਵਿਵੇਕ ਸੈਣੀ ਦੇ ਕੋਲ ਹਥੌੜਾ ਫੜੇ ਹੋਏ ਖੜ੍ਹੇ ਸ਼ੱਕੀ ਨੂੰ ਦੇਖਿਆ ਗਿਆ। ਅਫਸਰਾਂ ਨੇ ਆਦਮੀ ਨੂੰ ਹਥਿਆਰ ਹੇਠਾਂ ਰੱਖਣ ਦਾ ਹੁਕਮ ਦਿੱਤਾ ਅਤੇ ਉਸਨੇ ਗ੍ਰਿਫਤਾਰ ਕਰ ਲਿਆ ਗਿਆ। ਰਿਪੋਰਟ ਅਨੁਸਾਰ, ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਉਸ ਕੋਲੋਂ ਹਥੌੜੇ ਸਮੇਤ ਤਿੰਨ ਹੋਰ ਹਥਿਆਰ ਮਿਲੇ। 25 ਸਾਲਾ ਸਟੋਰ ਕਲਰਕ ਵਿਵੇਕ ਸੈਣੀ ਦੇ ਸਿਰ ਵਿਚ ਹਥੋੜੇ ਨਾਲ ਕੀਤੇ ਵਾਰ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਥਾਨ ‘ਤੇ ਅਧਿਕਾਰੀਆਂ ਨੇ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ, ਜਿਸ ਵਿਚ ਸ਼ੱਕੀ ਨੂੰ ਦਿਖਾਇਆ ਗਿਆ, ਬਾਅਦ ਵਿਚ ਹਮਲਾਵਰ ਦੀ ਪਹਿਚਾਣ   ਜੂਲੀਅਨ ਫਾਕਨਰ ਵਜੋਂ ਕੀਤੀ ਗਈ, ਜੋ ਪੀੜਤ ਨੂੰ ਵਾਰ-ਵਾਰ ਹਥੌੜੇ ਨਾਲ ਮਾਰ ਰਿਹਾ ਸੀ। ਹਮਲਾਵਰ ਜੂਲੀਅਨ ਫਾਕਨਰ ਨੂੰ ਡੀਕਲਬ ਕਾਉਂਟੀ ਦੀ ਜੇਲ੍ਹ ਵਿਚ ਬੰਦ ਹੈ।