#PUNJAB

ਪੰਜਾਬ ‘ਚ ਗਰਮੀ ਕੱਢਣ ਲੱਗੀ ਵੱਟ, ਅਪ੍ਰੈਲ ਮਹੀਨੇ ਹੀ ਪਾਰਾ ਪੁੱਜਾ 40 ਤੋਂ ਪਾਰ

ਲੁਧਿਆਣਾ, 15 ਅਪ੍ਰੈਲ (ਪੰਜਾਬ ਮੇਲ)- ਅਪ੍ਰੈਲ ਮਹੀਨੇ ਦੇ ਅੱਧ ’ਚ ਹੀ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਹਾਲ ਇਹ ਹੈ ਕਿ ਪੰਜਾਬ ਦੇ ਕੁੱਝ ਜ਼ਿਲ੍ਹਿਆ ਦਾ ਤਾਪਮਾਨ 40 ਤੋਂ ਵੀ ਟੱਪ ਗਿਆ ਹੈ। ਵੀਰਵਾਰ ਨਾਲੋਂ ਸ਼ੁੱਕਰਵਾਰ ਨੂੰ ਤਾਪਮਾਨ ‘ਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਮਾਹਿਰਾਂ ਵੱਲੋਂ ਇਹ ਤਾਪਮਾਨ ਆਮ ਨਾਲੋਂ 4.2 ਡਿਗਰੀ ਸੈਲਸੀਅਸ ਵੱਧ ਹੈ। ਸਮਰਾਲਾ (ਲੁਧਿਆਣਾ) ਅਤੇ ਮੁਕਤਸਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ।

ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਗੁਰਦਾਸਪੁਰ ਤੇ ਰੋਪੜ ਦਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ‘ਚ ਵੀ ਬੀਤੇ ਦਿਨ ਦੇ ਮੁਕਾਬਲੇ 0.6 ਡਿਗਰੀ ਸੈਲਸੀਅਸ ਦਾ ਵਾਧਾ ਰਿਹਾ, ਜੋ ਆਮ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਰਿਹਾ। ਆਉਣ ਵਾਲੇ ਦਿਨਾਂ ‘ਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ 16 ਤੋਂ 17 ਅਪ੍ਰੈਲ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੀ ਵਾਢੀ ਦਾ ਇਹ ਸਹੀ ਸਮਾਂ ਹੈ। ਕਿਸਾਨ ਇਨ੍ਹਾਂ ਨੂੰ ਕੱਟ ਕੇ ਆਪਣੀ ਫ਼ਸਲ ਦੀ ਸੰਭਾਲ ਕਰ ਸਕਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ‘ਚ ਗਰਮੀ ਆਪਣਾ ਰੰਗ ਦਿਖਾ ਸਕਦੀ ਹੈ।

Leave a comment