#OTHERS

ਜਾਪਾਨ ‘ਚ earthquake ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਮੁਸ਼ੱਕਤ ਕਰ ਰਹੇ ਨੇ ਬਚਾਅ ਕਰਮੀ

-ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 81 ਹੋਈ; ਦਰਜਨਾਂ ਲੋਕ ਅਜੇ ਵੀ ਲਾਪਤਾ
ਸੁਜ਼ੂ, 5 ਜਨਵਰੀ (ਪੰਜਾਬ ਮੇਲ)- ਜਾਪਾਨ ‘ਚ ਇਸ ਹਫ਼ਤੇ ਦੀ ਸ਼ੁਰੂਆਤ ‘ਚ ਆਏ ਤਬਾਹਕੁਨ ਭੂਚਾਲ ਕਾਰਨ ਪੱਛਮੀ ਤੱਟ ‘ਤੇ ਮਲਬੇ ਹੇਠ ਫਸੇ ਜਿਊਂਦੇ ਲੋਕਾਂ ਦੀ ਭਾਲ ਲਈ ਬਚਾਅ ਕਰਮੀਆਂ ਨੂੰ ਕੜਾਕੇ ਦੀ ਠੰਢ ‘ਚ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਭੂਚਾਲ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 81 ਹੋ ਗਈ ਹੈ ਜਦਕਿ ਦਰਜਨਾਂ ਲੋਕ ਲਾਪਤਾ ਹਨ।
ਅਧਿਕਾਰੀਆਂ ਅਨੁਸਾਰ ਵਾਜਿਮਾ ਸ਼ਹਿਰ ‘ਚ 47 ਅਤੇ ਸੁਜ਼ੂ ‘ਚ 23 ਵਿਅਕਤੀਆਂ ਦੀ ਮੌਤ ਹੋਈ ਹੈ। ਪੰਜ ਹੋਰ ਸ਼ਹਿਰਾਂ ‘ਚ ਵੀ 11 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਭੂਚਾਲ ਕਾਰਨ 330 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ 25 ਗੰਭੀਰ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਤੇ ਸੰਭਾਵੀ ਬਰਫਬਾਰੀ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਵੀ ਵਧ ਗਿਆ ਹੈ। ਤਿੰਨ ਸ਼ਹਿਰਾਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਪਤਾ ਵਿਅਕਤੀਆਂ ਦੀ ਗਿਣਤੀ 15 ਤੋਂ ਵਧ ਕੇ 79 ਹੋ ਗਈ ਹੈ ਜਿਨ੍ਹਾਂ ‘ਚ ਇੱਕ 13 ਸਾਲਾ ਲੜਕਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਦੱਸੇ ਜਾ ਰਹੇ ਕੁਝ ਲੋਕਾਂ ਨੂੰ ਲੱਭ ਲਿਆ ਗਿਆ ਹੈ ਪਰ ਅਜੇ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਸ਼ੀਕਾਵਾ ਸੂਬੇ ਤੇ ਇਸ ਦੇ ਨੇੜਲੇ ਇਲਾਕੇ ‘ਚ ਲੰਘੇ ਸੋਮਵਾਰ ਨੂੰ 7.6 ਦੀ ਰਫ਼ਤਾਰ ਨਾਲ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ ਟੋਕੀਓ ਤੋਂ ਤਕਰੀਬਨ 300 ਕਿਲੋਮੀਟਰ ਦੂਰ ਨੋਟੋ ਨੇੜੇ ਸੀ। ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਬਚਾਅ ਕਾਰਜਾਂ ਲਈ 3600 ਹੋਰ ਜਵਾਨ ਤਾਇਨਾਤ ਕੀਤੇ ਹਨ। ਉਨ੍ਹਾਂ ਦਾ ਟੀਚਾ ਪ੍ਰਭਾਵਿਤ ਲੋਕਾਂ ਨੂੰ ਤਾਜ਼ਾ ਪਾਣੀ ਤੇ ਗਰਮ ਖਾਣਾ ਮੁਹੱਈਆ ਕਰਨ ਦੇ ਨਾਲ ਨਾਲ ਬੇਘਰ ਹੋਏ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਨਾ ਹੈ। ਜਾਪਾਨ ‘ਚ ਇਸ ਸਮੇਂ ਪਾਣੀ, ਖੁਰਾਕੀ ਵਸਤਾਂ ਤੇ ਕੰਬਲਾਂ ਦੀ ਭਾਰੀ ਕਿੱਲਤ ਹੈ। ਪ੍ਰਧਾਨ ਮੰਤਰੀ ਨੇ ਬੀਤੇ ਦਿਨ ਕਿਹਾ ਸੀ, ’40 ਘੰਟੇ ਤੋਂ ਵੀ ਵੱਧ ਸਮਾਂ ਲੰਘ ਚੁੱਕਾ ਹੈ। ਅਸੀਂ ਸਮੇਂ ਨਾਲ ਲੜ ਰਹੇ ਹਾਂ।’ ਭੂਚਾਲ ਮਗਰੋਂ ਜ਼ਮੀਨ ਖਿਸਕਣ ਤੇ ਤਰੇੜਾਂ ਆਉਣ ਕਾਰਨ ਕਈ ਸੜਕਾਂ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ‘ਚ ਮੁਸ਼ਕਲ ਆ ਰਹੀ ਹੈ।