#PUNJAB

ਜਾਅਲੀ ਦਸਤਾਵੇਜ਼ ਤਿਆਰ ਕਰਕੇ ਗੈਂਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ ‘ਚ 3 ਏਜੰਟ Arrest

ਮੋਹਾਲੀ, 21 ਮਈ (ਪੰਜਾਬ ਮੇਲ)- ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸ.ਐੱਸ.ਓ.ਸੀ.) ਮੋਹਾਲੀ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਸੈੱਲ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੇਸ਼ ‘ਚੋਂ ਫ਼ਰਾਰ ਹੋਣ ਵਿਚ ਮਦਦ ਕਰਨ ਵਾਲੇ 3 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇਮੀਗ੍ਰੇਸ਼ਨ ਏਜੰਟ ਮੁੱਖ ਤੌਰ ‘ਤੇ ਗੈਂਗਸਟਰਾਂ ਨੂੰ ਭਾਰਤ ਤੋਂ ਵਿਦੇਸ਼ ਭੇਜ ਕੇ ਉੱਥੇ ਸੈਟਲ ਵੀ ਕਰਵਾਉਂਦੇ ਸਨ। ਇਨ੍ਹਾਂ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਪਾਸਪੋਰਟ ਅਤੇ ਹੋਰ ਦਸਤਾਵੇਜ਼ ਤੱਕ ਜਾਅਲੀ ਬਣਾਏ ਜਾਂਦੇ ਸਨ। ਮੁਲਜ਼ਮਾਂ ਦੀ ਪਛਾਣ ਜਲੰਧਰ ਨਿਵਾਸੀ ਜਗਜੀਤ ਸਿੰਘ ਉਰਫ਼ ਜੀਤਾ, ਮੁਹੰਮਦ ਸਾਜੇਬ ਅਤੇ ਮੁਹੰਮਦ ਕੈਫ ਵਜੋਂ ਹੋਈ ਹੈ। ਸੈੱਲ ਵੱਲੋਂ ਤਿੰਨੇ ਮੁਲਾਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫ਼ਿਲਹਾਲ ਇਸ ਮਾਮਲੇ ‘ਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਹੁਣ ਤੱਕ 15 ਤੋਂ 20 ਗੈਂਗਸਟਰਾਂ ਨੂੰ ਵਿਦੇਸ਼ ਫ਼ਰਾਰ ਹੋਣ ‘ਚ ਮਦਦ ਕਰ ਚੁੱਕੇ ਸਨ।
ਜਾਣਕਾਰੀ ਮੁਤਾਬਕ ਐੱਸ.ਐੱਸ.ਓ.ਸੀ. ਮੋਹਾਲੀ ਨੂੰ ਮੁਖਬਰਾਂ ਤੋਂ ਸੂਚਨਾ ਮਿਲੀ ਸੀ ਕਿ ਕਈ ਹਾਰਡਕੋਰ ਕ੍ਰਿਮੀਨਲ ਜਿਨ੍ਹਾਂ ਨੇ ਘਿਨਾਉਣੇ ਅਪਰਾਧ ਕੀਤੇ ਹਨ, ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ ਪਰ ਇਹ ਭਾਰਤ ਛੱਡ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ। ਕੁਝ ਜਾਅਲੀ ਇਮੀਗ੍ਰੇਸ਼ਨ ਏਜੰਟ ਇਨ੍ਹਾਂ ਦੀ ਮਦਦ ਕਰ ਰਹੇ ਹਨ। ਸੂਚਨਾ ਮਿਲਦੇ ਹੀ ਐੱਸ.ਐੱਸ.ਓ.ਸੀ. ਨੇ ਪਹਿਲਾਂ ਜਲੰਧਰ ਦੇ ਰਹਿਣ ਵਾਲੇ ਜਗਜੀਤ ਸਿੰਘ ਉਰਫ਼ ਜੀਤਾ ਨੂੰ ਗ੍ਰਿਫ਼ਤਾਰ ਕਰ ਲਿਆ। ਜਗਜੀਤ ਤੋਂ ਪੁੱਛਗਿੱਛ ‘ਚ ਹੋਰ ਦੋ ਸਾਥੀਆਂ ਮੁਹੰਮਦ ਸਾਜੇਬ ਅਤੇ ਮੁਹੰਮਦ ਕੈਫ ਦੇ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਇੱਕੋ ਗਿਰੋਹ ਬਣਾ ਕੇ ਕੰਮ ਕਰਦੇ ਸਨ। ਤਿੰਨੇ ਹੀ ਪੈਰੋਲ ਜਾਂ ਫਿਰ ਜ਼ਮਾਨਤ ‘ਤੇ ਆਏ ਅਪਰਾਧੀਆਂ ਨਾਲ ਸੰਪਰਕ ਕਰਦੇ ਸਨ। ਇਸ ਤੋਂ ਇਲਾਵਾ ਜੋ ਵੀ ਵਿਦੇਸ਼ ਫ਼ਰਾਰ ਹੋਣ ਦੀ ਇੱਛਾ ਰੱਖਦਾ ਸੀ, ਉਸ ਮੁਲਜ਼ਮ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਸ ਨੂੰ ਬੰਗਾਲ ਦੇ ਰਸਤੇ, ਹਾਂਗਕਾਂਗ ਜਾਂ ਯੂਰਪੀਅਨ ਦੇਸ਼ ਪੋਲੈਂਡ-ਪੁਰਤਗਾਲ ਭੇਜ ਦਿੰਦੇ ਸਨ, ਜਿਸ ਤੋਂ ਬਾਅਦ ਉਹ ਅਪਰਾਧੀ ਉੱਥੇ ਲੁੱਕ ਕੇ ਰਹਿੰਦੇ ਸਨ। ਇਥੇ ਪੁਲਿਸ ਉਨ੍ਹਾਂ ਦੀ ਭਾਲ ‘ਚ ਲੱਗੀ ਰਹਿੰਦੀ ਸੀ।
ਐੱਸ.ਐੱਸ.ਓ.ਸੀ. ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਨੇ 15-20 ਗੈਂਗਸਟਰਾਂ ਨੂੰ ਵਿਦੇਸ਼ ਭੇਜਿਆ ਹੈ। ਜਿਨ੍ਹਾਂ ਦੇ ਪਾਸਪੋਰਟ ਤੱਕ ਇਨ੍ਹਾਂ ਨੇ ਜਾਅਲੀ ਬਣਾਏ ਸਨ। ਇਨ੍ਹਾਂ ਵਿਚ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਵੀ ਸ਼ਾਮਲ ਹੈ, ਜੋ ਗੈਂਗਸਟਰ ਹਰਵਿੰਦਰ ਰਿੰਦਾ ਦਾ ਸਾਥੀ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਏਜੰਟਾਂ ਨੇ ਗੋਪੀ ਨਵਾਂਸ਼ਹਿਰੀਆ ਨੂੰ ਸਾਲ 2022 ‘ਚ ਪੋਲੈਂਡ ਭੇਜਿਆ ਸੀ। ਸੰਗਰੂਰ ਦਾ ਗੈਂਗਸਟਰ ਸੁੱਖਾ ਕਲੌਦੀ ਵੀ ਅਮਰੀਕਾ ਸੈਟਲ ਕਰਵਾਇਆ। ਇਸ ਤੋਂ ਇਲਾਵਾ ਲੁਧਿਆਣਾ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ।