#OTHERS

ਜ਼ਿੰਬਾਬਵੇ ‘ਚ ਜਹਾਜ਼ ਹਾਦਸੇ ਵਿਚ ਭਾਰਤੀ ਕਾਰੋਬਾਰੀ ਤੇ ਉਸ ਦੇ ਪੁੱਤਰ ਸਮੇਤ 6 ਲੋਕਾਂ ਦੀ ਮੌਤ

ਜੋਹਾਨਸਬਰਗ, 2 ਅਕਤੂਬਰ (ਪੰਜਾਬ ਮੇਲ)- ਦੱਖਣੀ-ਪੱਛਮੀ ਜ਼ਿੰਬਾਬਵੇ ਵਿਚ ਇਕ ਨਿੱਜੀ ਜਹਾਜ਼ ਤਕਨੀਕੀ ਖਰਾਬੀ ਕਾਰਨ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਇਕ ਭਾਰਤੀ ਮਾਈਨਿੰਗ ਕਾਰੋਬਾਰੀ ਅਤੇ ਉਸ ਦੇ ਪੁੱਤਰ ਸਮੇਤ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਤੋਂ ਸਾਹਮਣੇ ਆਈ ਹੈ। ਨਿਊਜ਼ ਵੈੱਬਸਾਈਟ ‘iHarare’ ਨੇ ਆਪਣੀ ਖ਼ਬਰ ‘ਚ ਦੱਸਿਆ ਕਿ ਮਸ਼ਾਵਾ ਦੇ ਜਵਾਮਹੰਡੇ ਇਲਾਕੇ ‘ਚ ਹੋਏ ਜਹਾਜ਼ ਹਾਦਸੇ ‘ਚ ਮਾਈਨਿੰਗ ਕੰਪਨੀ ‘ਰਾਇਓਜ਼ਿਮ’ ਦੇ ਮਾਲਕ ਹਰਪਾਲ ਰੰਧਾਵਾ, ਉਸ ਦੇ ਬੇਟੇ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।
‘ਰਿਓਜ਼ਿਮ’ ਸੋਨਾ ਅਤੇ ਕੋਲਾ ਪੈਦਾ ਕਰਨ ਦੇ ਨਾਲ-ਨਾਲ ਨਿਕਲ ਅਤੇ ਤਾਂਬੇ ਨੂੰ ਸ਼ੁੱਧ ਕਰਨ ਵਾਲੀ ਇਕ ਪ੍ਰਮੁੱਖ ਮਾਈਨਿੰਗ ਕੰਪਨੀ ਹੈ। ਰਿਪੋਰਟਾਂ ਮੁਤਾਬਕ ‘ਰੀਓਜ਼ਿਮ’ ਦੀ ਮਲਕੀਅਤ ਵਾਲਾ ਸੇਸਨਾ 206 ਜਹਾਜ਼ ਸ਼ੁੱਕਰਵਾਰ ਨੂੰ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ, ਜਦੋਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸਿੰਗਲ-ਇੰਜਣ ਵਾਲਾ ਜਹਾਜ਼ ਮੁਰੋਵਾ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਦੀ ਸਹਿ-ਮਾਲਕ ਰਾਇਓਜ਼ਿਮ ਹੈ। ਖ਼ਬਰਾਂ ਮੁਤਾਬਕ ਜਵਾਮਹੰਡੇ ਦੇ ਪੀਟਰ ਫਾਰਮ ‘ਚ ਡਿੱਗਣ ਤੋਂ ਪਹਿਲਾਂ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਹਵਾ ‘ਚ ਫਟ ਗਿਆ। ਦੱਸਿਆ ਗਿਆ ਹੈ ਕਿ ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ।
‘ਦਿ ਹੇਰਾਲਡ’ ਅਖ਼ਬਾਰ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ‘ਚ ਮਾਰੇ ਗਏ ਚਾਰ ਲੋਕ ਵਿਦੇਸ਼ੀ ਸਨ, ਜਦਕਿ ਦੋ ਹੋਰ ਜ਼ਿੰਬਾਬਵੇ ਦੇ ਨਾਗਰਿਕ ਸਨ। ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ ਪਰ ਰੰਧਾਵਾ ਦੇ ਦੋਸਤ ਅਤੇ ਪੇਸ਼ੇਵਰ ਪੱਤਰਕਾਰ ਅਤੇ ਫਿਲਮ ਨਿਰਮਾਤਾ ਹੋਪਵੈਲ ਚਿਨਨੋ ਨੇ ਹਾਦਸੇ ਵਿੱਚ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ।

 

 

 

Leave a comment