#PUNJAB

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਗਿਰੋਹ ਦੇ 05 ਮੈਂਬਰ ਗ੍ਰਿਫਤਾਰ, 21 ਪਿਸਟਲ ਬਰਾਮਦ
ਸੰਗਰੂਰ, 12 ਸਤੰਬਰ (ਦਲਜੀਤ ਕੌਰ/ਪੰਜਾਬ ਮੇਲ)- ਸ਼੍ਰੀ ਮੁਖਵਿੰਦਰ ਸਿੰਘ ਛੀਨਾ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ਼੍ਰੀ ਸੁਰੇਂਦਰ ਲਾਂਬਾ, ਐੱਸ.ਐੱਸ.ਪੀ. ਸੰਗਰੂਰ ਦੀ ਯੋਗ ਅਗਵਾਈ ਹੇਠ ਸ਼੍ਰੀ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਅਤੇ ਪ੍ਰਿਥਵੀ ਸਿੰਘ ਚਹਿਲ, ਉਪ ਕਪਤਾਨ ਪੁਲਿਸ ਸਬ ਡਵੀਜਨ ਦਿੜ੍ਹਬਾ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਥਾਣੇਦਾਰ ਪ੍ਰਤੀਕ ਜਿੰਦਲ ਮੁੱਖ ਅਫ਼ਸਰ ਥਾਣਾ ਛਾਜਲੀ ਸਮੇਤ ਪੁਲਿਸ ਪਾਰਟੀ ਇਤਲਾਹ ਮਿਲਣ ‘ਤੇ ਮਹਿਲਾਂ ਚੌਂਕ ਵਿਖੇ ਪੁੱਜੇ, ਤਾਂ 2 ਸ਼ੱਕੀ ਵਿਅਕਤੀ ਪੁਲਿਸ ਨੂੰ ਵੇਖ ਕੇ ਖਿਸਕਣ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਰਾਉਂਡਅੱਪ ਕਰਕੇ ਤਲਾਸ਼ੀ ਲੈਣ ਤੇ ਉਨ੍ਹਾਂ ਦੇ ਬੈਗ ਵਿਚੋਂ 21 ਪਿਸਟਲ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਰੌਕ ਉਰਫ ਰੋਹਿਤ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 48 ਬੀ, ਗਲੀ ਨੰਬਰ 02, ਨੇੜੇ ਆਨੰਦਪੁਰੀ ਕਾਲੀ ਸੜਕ ਲੁਧਿਆਣਾ ਅਤੇ ਕਰਨ ਸਰਮਾਂ ਪੁੱਤਰ ਸ਼ਿਵ ਕੁਮਾਰ ਸਰਮਾਂ ਵਾਸੀ ਮਕਾਨ ਨੰਬਰ 251, ਗਲੀ ਨੰਬਰ 03, ਨਵੀਂ ਕੁੰਦਨਪੁਰੀ ਸਿਵਲ ਲਾਇਨ ਲੁਧਿਆਣਾ ਦੇ ਰੂਪ ਵਿਚ ਕੀਤੀ ਗਈ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 78 ਮਿਤੀ 05.09.2023 ਅ/ਧ 24(7-1)/54/59 ਆਰਮਜ਼ ਐਕਟ (ਅਮੈਂਡਮੈਂਟ ਆਫ 2019) ਥਾਣਾ ਛਾਜਲੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਦੌਰਾਨ ਤਫਤੀਸ਼ ਕਥਿਤ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਲੁਧਿਆਣਾ ਤੋਂ ਮੱਧ ਪ੍ਰਦੇਸ਼ ਵਿਖੇ ਨਾਜਾਇਜ਼ ਅਸਲਾ ਲੈਣ ਲਈ ਗਏ ਸਨ, ਜਿੱਥੋਂ ਉਹ ਵਾਪਸ ਆਉਂਦੇ ਹੋਏ ਬੱਸ ਬਦਲੀ ਕਰਨ ਲਈ ਮਹਿਲਾਂ ਚੌਂਕ ਤੋਂ ਉਤਰੇ ਸਨ, ਜਿੱਥੋਂ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਗੇ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਸਲਾ ਉਕਤ ਕਥਿਤ ਦੋਸ਼ੀਆਂ ਪਾਸੋਂ ਰਾਜੀਵ ਕੌਸ਼ਲ ਉਰਫ ਗੁੱਗੂ ਉਰਫ ਗੁਗਲੂ ਪੁੱਤਰ ਸੁਰਿੰਦਰ ਕੌਸ਼ਲ ਵਾਸੀ ਪਿੰਡ ਦੇਹਲਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਨੇ ਮੰਗਵਾਇਆ ਸੀ, ਤੇ ਉਸ ਨੇ ਹੀ ਮੱਧ ਪ੍ਰਦੇਸ਼ ਦੇ ਗੈਰਕਾਨੂੰਨੀ ਹਥਿਆਰ ਬਣਾਉਣ ਵਾਲੇ ਬੰਦੇ ਨਾਲ ਰਾਬਤਾ ਕਰਾਇਆ ਸੀ। ਇਨ੍ਹਾਂ ਦੀ ਪੁੱਛ-ਗਿੱਛ ਤੋਂ ਇਨ੍ਹਾਂ ਦੇ ਆਉਣ-ਜਾਣ ਅਤੇ ਹੋਰ ਖਰਚਿਆਂ ਦੇ ਸਬੰਧ ਵਿਚ ਰਾਜੀਵ ਕੌਸ਼ਲ ਦੇ ਇਸ਼ਾਰੇ ‘ਤੇ ਪੈਸੇ ਟਰਾਂਸਫਰ ਕਰਨ ਵਾਲੇ ਹੇਮੰਤ ਮਨਹੋਤਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 02, ਗਲੀ ਨੰਬਰ 06, ਮਕਾਨ ਨੰਬਰ 1636, ਨਿਊ ਬਸੰਤ ਵਿਹਾਰ ਕਾਕੂਆਲ ਰੋਡ ਲੁਧਿਆਣਾ, ਥਾਣਾ ਬਸਤੀ ਜੋਧੇਵਾਲ ਦੀ ਪਹਿਚਾਣ ਕਰਕੇ ਉਸ ਨੂੰ ਮਿਤੀ 05.09.2023 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਥਿਤ ਦੋਸ਼ੀ ਰਾਜੀਵ ਕੌਸ਼ਲ ਉਰਫ ਗੱਗੂ ਨੂੰ ਮਿਤੀ 10.09.2023 ਨੂੰ ਜ਼ਿਲ੍ਹਾ ਜੇਲ੍ਹ ਫਿਰੋਜਪੁਰ ਤੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਜੀਵ ਕੌਸ਼ਲ ਦੀ ਅੱਗੇ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜੀਵ ਕੌਸ਼ਲ ਦਾ ਰਾਬਤਾ ਰਵੀ ਬਲਾਚੌਰੀਆਂ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗਾਂ ਦੇ ਕੁੱਝ ਅਪਰਾਧੀਆਂ ਨਾਲ ਹੈ ਅਤੇ ਇਸ ਨੇ ਰਵੀ ਬਲਾਚੌਰੀਆ ਦੇ ਕਹਿਣ ਤੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ, ਜਿਨ੍ਹਾਂ ਨੂੰ ਅੱਗੇ ਮੋਹਾਲੀ, ਖਰੜ ਅਤੇ ਨਵਾਂ ਸ਼ਹਿਰ ਦੇ ਵੱਖ-ਵੱਖ ਅਪਰਾਧੀਆਂ ਨੂੰ ਸਪਲਾਈ ਕੀਤਾ ਜਾਣਾ ਸੀ। ਇਹ ਹਥਿਆਰ ਇਨ੍ਹਾਂ ਅਪਰਾਧੀਆਂ ਵੱਲੋਂ ਨਾਜਾਇਜ਼ ਵਸੂਲੀ ਅਤੇ ਆਪਸੀ ਗੈਂਗਵਾਰ ਵਿਚ ਵਰਤੇ ਜਾਣ ਬਾਰੇ ਵੀ ਰਾਜੀਵ ਕੌਸ਼ਲ ਨੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਜੀਵ ਕੌਸ਼ਲ ਪਾਸੋਂ ਇਸ ਕੰਮ ਲਈ ਵਰਤਿਆ ਗਿਆ ਮੋਬਾਇਲ ਫੋਨ ਵੀ ਫਿਰੋਜ਼ਪੁਰ ਜੇਲ੍ਹ ਵਿਚੋਂ ਬਰਾਮਦ ਕੀਤਾ ਗਿਆ ਹੈ। ਅੱਗੇ ਪੁੱਛ-ਗਿੱਛ ਤੋਂ ਹੋਰ ਖੁਲਾਸੇ ਹੋਣ ਦੀ ਸੰਭਵਾਨਾ ਹੈ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਇਸ ਮੁਕੱਦਮੇ ਦੇ ਸਬੰਧ ਵਿਚ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਟੀਮ ਵੱਲੋਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਤੋਂ ਹਥਿਆਰ ਬਣਾਉਣ ਵਾਲੇ ਵਿਅਕਤੀ ਤੋਂ ਫੜੇ ਗਏ ਕਥਿਤ ਦੋਸ਼ੀਆਂ ਤੱਕ ਪਹੁੰਚਾਉਣ ਵਾਲੇ ਕੋਰੀਅਰ ਜਿਸ ਦੀ ਪਹਿਚਾਨ ਗੁੱਡੂ ਬਰੇਲਾ ਪੁੱਤਰ ਪਾਰ ਸਿੰਘ ਬਰੇਲਾ ਵਾਸੀ ਖਮਾਲਾ, ਥਾਣਾ ਨਿੰਬੋਲਾ, ਤਹਿਸੀਲ ਅਤੇ ਜ਼ਿਲ੍ਹਾ ਬੁਰਹਾਨਪੁਰ, ਮੱਧ ਪ੍ਰਦੇਸ਼ ਵਜੋਂ ਕੀਤੀ ਗਈ, ਨੂੰ ਵੀ ਮਿਤੀ 10.09.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਪੁੱਛ-ਗਿੱਛ ਕਰਕੇ ਹਥਿਆਰ ਬਣਾਉਣ ਵਾਲੇ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਕੇਸ ਨੂੰ ਟਰੇਸ ਕਰਨ ਲਈ ਇੰਸਪੈਕਟਰ ਅਮਰੀਕ ਸਿੰਘ, ਇੰਚਾਰਜ ਸੀ.ਆਈ.ਏ. ਸੰਗਰੂਰ, ਥਾਣੇਦਾਰ ਪ੍ਰਤੀਕ ਜਿੰਦਲ ਮੁੱਖ ਅਫ਼ਸਰ ਥਾਣਾ ਛਾਜਲੀ, ਥਾਣੇਦਾਰ ਸੰਦੀਪ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।

Leave a comment