ਸਰੀ, 8 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਰੋਪੜ ਅਤੇ ਮੋਹਾਲੀ ਨਿਵਾਸੀਆਂ ਵੱਲੋਂ ਆਪਣਾ ਸਾਲਾਨਾ ਪ੍ਰੋਗਰਾਮ ਸ਼ਾਹੀ ਕੇਟਰਿੰਗ ਐਂਡ ਰੈਸਟੋਰੈਂਟ ਸਰੀ ਵਿਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਹਰ ਢੇਸਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਪ੍ਰੋਗਰਾਮ ਵਿਚ ਹਾਜਰ ਸਾਰੇ ਦੋਸਤਾਂ-ਮਿੱਤਰਾਂ, ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਸਾਡੇ ਲਈ ਇਕ ਦੂਜੇ ਨਾਲ ਮੇਲ ਮਿਲਾਪ, ਸਦਭਾਵਨਾ ਅਤੇ ਆਪਸੀ ਸਾਂਝ ਨੂੰ ਪਕੇਰੀ ਕਰਨ ਦਾ ਜ਼ਰੀਆ ਬਣਦਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਸਾਡਾ ਆਪਸੀ ਸਹਿਯੋਗ, ਪ੍ਰੇਮ ਪਿਆਰ ਇਸੇ ਤਰ੍ਹਾਂ ਵਧਦਾ ਫੁੱਲਦਾ ਰਹੇ। ਸੁਰਜੀਤ ਸਿੰਘ ਮਾਧੋਪੁਰੀ ਨੇ ਵੀ ਆਪਣੀ ਸੁਰੀਲੀ ਕਲਾਤਮਿਕ ਬੋਲੀ ਵਿਚ ਸਭ ਨੂੰ ਜੀ ਆਇਆਂ ਕਿਹਾ।
ਬਲਬੀਰ ਸਿੰਘ ਚੰਗਿਆੜਾ ਨੇ ਰੋਪੜ ਅਤੇ ਮੋਹਾਲੀ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਚਮਕੌਰ ਸਿੰਘ ਸੇਖੋਂ, ਪਲਵਿੰਦਰ ਸਿੰਘ ਰੰਧਾਵਾ, ਮਾਸਟਰ ਅਮਰੀਕ ਸਿੰਘ ਲੇਲ੍ਹ, ਦਰਸ਼ਨ ਸੰਘਾ, ਸੁਰਜੀਤ ਸਿੰਘ ਮਾਧੋਪੁਰੀ, , ਐਡਵੋਕੇਟ ਸੋਹਨ ਸਿੰਘ ਜੌਹਲ ਰੋਪੜ, ਪ੍ਰਿਤਪਾਲ ਗਿੱਲ, ਗਾਇਕ ਰਿੱਕੀ ਮਾਨ, ਪੰਜਾਬ ਤੋਂ ਆਏ ਪ੍ਰਸਿੱਧ ਗਾਇਕ ਬਿੱਟੂ ਖੰਨੇ ਵਾਲਾ ਨੇ ਪ੍ਰੋਗਰਾਮ ਨੂੰ ਆਪਣੀਆਂ ਕਾਵਿਕ ਰਚਨਾਵਾਂ ਅਤੇ ਗੀਤਾਂ ਨਾਲ਼ ਮਨੋੰਰਜਕ ਬਣਾਇਆ। ਪ੍ਰੋਗਰਾਮ ਦੌਰਾਨ ਗੀਤਕਾਰ ਤੇ ਗਾਇਕ ਬਿੱਟੂ ਖੰਨੇ ਵਾਲੇ ਦੀ ਪੁਸਤਕ “ਮੇਰੇ ਸੁਪਨੇ ਮੇਰੇ ਗੀਤ” ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਪ੍ਰਿਤਪਾਲ ਗਿੱਲ ਨੇ ਸੰਖੇਪ ਵਿਚ ਜਾਣ ਪਛਾਣ ਕਰਵਾਈ।
ਇਸ ਪ੍ਰੋਗਰਾਮ ਵਾਸਤੇ ਆਰਥਿਕ ਸਹਿਯੋਗ ਦੇਣ ਲਈ ਅੰਤਰ ਪੰਮਾ, ਕੇਵਲ ਮੁਲਤਾਨੀ, ਨਿਰਮਲ ਸ਼ੀਨਾ, ਅਜੀਤ ਬਾਜਵਾ, ਗੁਰਮੁਖ ਸਿੰਘ ਮੋਰਿੰਡਾ, ਗੁਰਦੀਪ ਸਿੰਘ ਅਟਵਾਲ, ਸੋਹਨ ਸਿੰਘ ਢੇਸਾ, ਮੈਂਡੀ ਢੇਸਾ, ਨਾਹਰ ਢੇਸਾ ਅਤੇ ਐਸ.ਪੀ. ਸਿੰਘ ਬੈਂਸ ਦਾ ਸੰਸਥਾ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਅੰਬਾਲੇ ਤੋਂ ਦਲਜੀਤ ਸਿੰਘ ਢੀਂਡਸਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰਿਤਪਾਲ ਗਿੱਲ ਨੇ ਬਾਖੂਬੀ ਕੀਤਾ।