ਜਲੰਧਰ, 28 ਜੂਨ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ‘ਚ ਧਿਰਾਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਜਿਸ ਦਾ ਅਸਰ ਜ਼ਿਮਨੀ ਚੋਣ ‘ਤੇ ਖ਼ਾਸ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਵੱਲੋਂ ਬਸਪਾ ਨੂੰ ਸਮਰਥਨ ਦੇਣ ‘ਤੇ ਸਾਬਕਾ ਵਿਧਾਇਕ ਗੁਰ ਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਭੜਕ ਗਏ ਹਨ। ਅੱਜ ਬੀਬੀ ਜਗੀਰ ਕੌਰ, ਗੁਰ ਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਿਲੌਰ ਅਤੇ ਹੋਰ ਅਕਾਲੀ ਲੀਡਰਾਂ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ।
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਨੇ ਸੰਗਤ ਨੇ ਬੀਬੀ ਸੁਰਜੀਤ ਕੌਰ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਵੀ ਬਹੁਤ ਸਾਈਨ ਕਰਕੇ ਟਿਕਟ ਦਿੱਤੀ। ਬਾਅਦ ਵਿਚ ਸਟੈਪ ਲੈ ਲਿਆ, ਜੋ ਬਿਲਕੁਲ ਹੀ ਗਲਤ ਹੈ। ਇਸੇ ਦੇ ਨਾਲ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਪੰਥ ਦੇ ਲੀਡਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਬੀਬੀ ਸੁਰਜੀਤ ਕੌਰ ਦਾ ਸਾਥ ਦੇ ਕੇ ਉਨ੍ਹਾਂ ਨੂੰ ਜਲੰਧਰ ਜ਼ਿਮਨੀ ਚੋਣ ਜਿਤਾਉਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਦੇ ਵਿਚ ਕਦੇ ਵੀ ਅਜਿਹਾ ਨਹੀਂ ਹੋਇਆ ਸੀ ਪਰ ਪ੍ਰਧਾਨ ਸੁਖਬੀਰ ਬਾਦਲ ਹਮੇਸ਼ਾ ਹੀ ਇਤਿਹਾਸ ਬਣਾਉਂਦੇ ਹਨ ਅਤੇ ਸੁਖਬੀਰ ਬਾਦਲ ਨੇ ਇਸ ਵਾਰ ਵੀ ਇਤਿਹਾਸ ਬਣਾਇਆ ਕਿ ਟਿਕਟ ਦੇ ਕੇ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬੀਬੀ ਸੁਰਜੀਤ ਕੌਰ ਦੇ ਨਾਲ ਹਨ ਅਤੇ ਤਕੜੀ ‘ਤੇ ਵੋਟਾਂ ਜ਼ਰੂਰ ਪਵਾਉਣਗੇ। ਇਸ ਦੇ ਨਾਲ ਹੀ ਗੁਰ ਪ੍ਰਤਾਪ ਸਿੰਘ ਵਡਾਲਾ ਅਤੇ ਸਰਵਣ ਸਿੰਘ ਫਿਲੌਰ ਵੱਲੋਂ ਵੀ ਪਾਰਟੀ ਦੀਆਂ ਗਤੀਵਿਧੀਆਂ ਦੇ ਉੱਤੇ ਸਵਾਲ ਚੁੱਕੇ ਗਏ ਹਨ।
ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਆਪਣੇ ਹੀ ਸਿਧਾਂਤਾਂ ‘ਤੇ ਖ਼ਰੀ ਨਹੀਂ ਉਤਰ ਪਾਈ ਹੈ। ਸੁਖਬੀਰ ਬਾਦਲ ਦੀ ਅਗਵਾਈ ‘ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਾਰਟੀ ਖ਼ਤਮ ਹੋ ਗਈ ਹੈ। ਅਜਿਹੇ ਵਿਚ ਪਾਰਟੀ ਵਿਚ ਬਦਲਾਅ ਦੀ ਕਾਫ਼ੀ ਲੋੜ ਹੈ। ਪਾਰਟੀ ਨੇ ਉਮੀਦਵਾਰ ਐਲਾਨਣ ਤੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਤੋਂ ਪਾਰਟੀ ਦਾ ਲੋਗੋ ਮੰਗਵਾਇਆ ਸੀ। ਅਜਿਹਾ ਨਹੀਂ ਹੈ ਕਿ ਪਾਰਟੀ ਨੂੰ ਉਮੀਦਵਾਰ ਬਾਰੇ ਪਤਾ ਨਹੀਂ ਸੀ। ਵਡਾਲਾ ਨੇ ਕਿਹਾ ਕਿ ਸਾਡੀਆਂ ਬੈਠਕਾਂ ਲਗਾਤਾਰ ਚੱਲ ਰਹੀਆਂ ਹਨ ਅਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਸੀ ਕਿ ਉਹ ਵੋਟ ਨਹੀਂ ਦੇਵੇਗਾ। ਵਡਾਲਾ ਵੱਲੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਵੋਟ ਦੇਣ ਦੀ ਅਪੀਲ ਕੀਤੀ ਗਈ।
ਗੁਰ ਪ੍ਰਤਾਪ ਵਡਾਲਾ ਨੇ ਕਿਹਾ ਕਿ ਲੋਕ ਹੁਣ ਪਾਰਟੀ ਵਿਚ ਬਦਲਾਅ ਵੇਖਣਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਪਾਰਟੀ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ ਹੈ। ਜੇਕਰ ਪਾਰਟੀ ਮੁਖੀ ਦੀ ਉਹੀ ਰਾਏ ਤਾਂ ਉਨ੍ਹਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਪਾਰਟੀ ਇਸ ਸਮੇਂ ਬੇਹੱਦ ਬੁਰੀ ਹਾਲਾਤ ਹੈ। ਵਡਾਲਾ ਨੇ ਕਿਹਾ ਕਿ ਪਾਰਟੀ ਮੁਖੀ ਨੇ ਬਸਪਾ ਦਾ ਸਮਰਥਨ ਕਰਕੇ ਇਕ ਗ਼ਰੀਬ ਪਰਿਵਾਰ ਦਾ ਮਜ਼ਾਕ ਉਡਾਇਆ ਹੈ। ਵਡਾਲਾ ਨੇ ਕਿਹਾ ਕਿ ਜੇਕਰ ਕੋਈ ਅਮੀਰ ਉਮੀਦਵਾਰ ਹੁੰਦਾ ਤਾਂ ਕਦੇ ਵੀ ਪਰਚਾ ਵਾਪਸ ਨਹੀਂ ਲਿਆ ਜਾਂਦਾ।