ਡੇਢ ਦਹਾਕੇ ਦੌਰਾਨ ਪੰਜਾਬ ‘ਚ 157 ਜਾਨਾਂ ਗਈਆਂ; ਗੁਜਰਾਤ ਸਭ ਤੋਂ ਅੱਗੇ
-ਅੰਮ੍ਰਿਤਸਰ ‘ਚ ਨਕਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ
ਚੰਡੀਗੜ੍ਹ, 14 ਮਈ (ਪੰਜਾਬ ਮੇਲ)- ਸਮੁੱਚੇ ਦੇਸ਼ ‘ਚ 1978 ਤੋਂ ਲੈ ਕੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਕਾਰਨ 17 ਹਾਦਸੇ ਵਾਪਰੇ ਹਨ, ਜਿਨ੍ਹਾਂ ਵਿਚ 2302 ਵਿਅਕਤੀਆਂ ਦੀ ਜਾਨ ਗਈ ਹੈ। ਗੁਜਰਾਤ ਇਸ ਮਾਮਲੇ ‘ਚ ਦੇਸ਼ ਭਰ ਚੋਂ ਅੱਗੇ ਰਿਹਾ ਹੈ, ਜਿੱਥੇ 1987 ‘ਚ ਸਭ ਤੋਂ ਵੱਧ 200 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਸੀ। ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ ਨੰਬਰ ‘ਤੇ ਪੰਜਾਬ ਹੈ, ਜਿੱਥੇ ਸਾਲ 2020 ਵਿਚ ਜ਼ਹਿਰੀਲੀ ਸ਼ਰਾਬ ਨੇ 121 ਜਾਨਾਂ ਲਈਆਂ ਸਨ। ਪ੍ਰਾਪਤ ਜਾਣਕਾਰੀ ਗੁਜਰਾਤ ‘ਚ ਸਾਲ 1976 ਵਿਚ ਸੌ ਮੌਤਾਂ ਅਤੇ 1986 ਵਿਚ 108 ਮੌਤਾਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਸਨ। ਪੰਜਾਬ ਵਿਚ ਅਕਤੂਬਰ 2010 ਵਿਚ ਦਸੂਹਾ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ 16 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਮਗਰੋਂ ਜੁਲਾਈ-ਅਗਸਤ 2020 ਵਿਚ ਮਾਝੇ ਇਲਾਕੇ ਵਿਚ 121 ਜਾਨਾਂ ਚਲੀਆਂ ਗਈਆਂ ਸਨ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2024 ਵਿਚ ਦਿੜ੍ਹਬਾ ਤੇ ਸੁਨਾਮ ਬਲਾਕ ਵਿਚ 20 ਲੋਕਾਂ ਦੀ ਜਾਨ ਜ਼ਹਿਰੀਲੀ ਸ਼ਰਾਬ ਕਾਰਨ ਚਲੀ ਗਈ ਸੀ ਅਤੇ ਹੁਣ ਮਜੀਠਾ ਇਲਾਕੇ ‘ਚ ਜ਼ਹਿਰੀਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ।
ਬੀਤੇ ਦਿਨੀਂ ਅੰਮ੍ਰਿਤਸਰ ਦੇ ਮਜੀਠਾ ‘ਚ ਨਕਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮਜੀਠਾ ਦੇ 3 ਪਿੰਡਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ ਪਿੰਡ ਭੰਗਾਲੀ, ਮਰੜੀ ਕਲਾਂ ਤੇ ਥਰੀਏਵਾਲ ਦੇ ਨੌਜਵਾਨ ਸ਼ਾਮਲ ਹਨ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਲਿਆ ਹੈ।
ਜਾਣਕਾਰੀ ਮੁਤਾਬਕ ਇਸ ਨਕਲੀ ਸ਼ਰਾਬ ਰੈਕੇਟ ਦੇ ਕਿੰਗਪਿਨ ਤੇ ਮੁੱਖ ਸਪਲਾਇਰ ਸਣੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ‘ਚ ਪੰਜਾਬ ਦਾ ਦੂਜਾ ਸਥਾਨ
