ਦਿੱਲੀ ਦੇ ਦੋ ਵਪਾਰੀ ਕਾਬੂ;ਹੁਣ ਤੱਕ 15 ਮੁਲਜ਼ਮ ਗ੍ਰਿਫ਼ਤਾਰ ਕੀਤੇ
ਅੰਮ੍ਰਿਤਸਰ/ਮਜੀਠਾ, 15 ਮਈ (ਪੰਜਾਬ ਮੇਲ)- ਮਜੀਠਾ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਵਿਅਕਤੀਆਂ ‘ਚੋਂ ਦੋ ਹੋਰ ਦੀ ਬੁੱਧਵਾਰ ਨੂੰ ਮੌਤ ਹੋ ਗਈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ, ਜਦਕਿ 8 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ। ਉਧਰ, ਇਸ ਘਟਨਾ ਦੇ ਸਬੰਧ ਵਿਚ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਪਿਤਾ-ਪੁੱਤਰ ਵੀ ਸ਼ਾਮਲ ਹਨ। ਉਹ ਉੱਥੇ ਭਾਰਤ ਹੈਵੀ ਕੈਮੀਕਲਜ਼ ਦੇ ਨਾਂ ‘ਤੇ ਇਕ ਫਰਮ ਚਲਾਉਂਦੇ ਹਨ। ਉਨ੍ਹਾਂ ਦੀ ਪਛਾਣ ਰਵਿੰਦਰ ਜੈਨ ਅਤੇ ਰਾਜੀਵ ਕੁਮਾਰ ਜੈਨ ਵਜੋਂ ਹੋਈ ਹੈ।
ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਸ ਮਾਮਲੇ ਵਿਚ ਕੁੱਲ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਰਾਜਾ ਵਾਸੀ ਭੰਗਾਲੀ ਕਲਾਂ ਅਤੇ ਰਾਜਾਸਾਂਸੀ ਦਾ ਰਹਿਣ ਵਾਲਾ ਰਵੀ ਕੁਮਾਰ ਫ਼ਰਾਰ ਹਨ। ਜ਼ਹਿਰੀਲੀ ਸ਼ਰਾਬ ਪੀ ਕੇ ਬਿਮਾਰ ਹੋਣ ਵਾਲਿਆਂ ‘ਚੋਂ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਬਲਕਾਰ ਸਿੰਘ (45) ਅਤੇ ਸਾਹਿਬ ਸਿੰਘ (50) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਭੰਗਵਾਂ ਦੇ ਵਸਨੀਕ ਸਨ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ 10 ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਾਹਿਬ ਸਿੰਘ, ਗੁਰਜੰਟ ਸਿੰਘ, ਮਰਾੜੀ ਕਲਾਂ ਦਾ ਸਿਕੰਦਰ ਸਿੰਘ, ਨਿੰਦਰ ਕੌਰ, ਪਰਮਜੀਤ ਸਿੰਘ ਥਰੀਏਵਾਲ, ਸਾਹਿਬ ਸਿੰਘ ਹਰਸ਼ ਛੀਨਾ, ਲੁਧਿਆਣਾ ਦੇ ਦੋ ਵਪਾਰੀ ਅਰਵਿੰਦਰ ਕੁਮਾਰ ਅਤੇ ਪੰਕਜ ਕੁਮਾਰ, ਭੰਗਵਾਂ ਦਾ ਗੁਰਮੀਤ ਸਿੰਘ, ਜੰਡਿਆਲਾ ਗੁਰੂ ਦਾ ਨਵਦੀਪ ਸਿੰਘ, ਪਤਾਲਪੁਰੀ ਪਿੰਡ ਦਾ ਅਰੁਣ ਅਤੇ ਕਰਨਾਲਾ ਪਿੰਡ ਦਾ ਸੁੰਦਰ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਪਿੰਡ ਭੰਗਾਲੀ ਕਲਾਂ ਦੇ ਛੇ ਵਿਅਕਤੀ, ਪਿੰਡ ਮਰੜੀ ਕਲਾਂ ਦੇ ਪੰਜ, ਪਿੰਡ ਥਰੀਏ ਵਾਲ ਦੇ ਤਿੰਨ, ਪਿੰਡ ਭੰਗਵਾਂ ਦੇ ਚਾਰ ਵਿਅਕਤੀ ਅਤੇ ਥਾਣਾ ਕੱਥੂਨੰਗਲ ਅਧੀਨ ਆਉਂਦੇ ਖੇਤਰ ਦੇ ਪੰਜ ਵਿਅਕਤੀ ਸ਼ਾਮਲ ਹਨ। ਇਸ ਦੌਰਾਨ ਨਿੰਦਰ ਕੌਰ ਸਣੇ ਸਾਰੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪੁਲਿਸ ਨੇ ਪਿੰਡਾਂ ਦੇ ਸਥਾਨਕ ਵਿਤਰਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪ੍ਰਭਜੀਤ ਸਿੰਘ ਅਤੇ ਉਸ ਦੇ ਭਰਾ ਕੁਲਬੀਰ ਸਿੰਘ ਦਾ ਨਾਂ ਲਿਆ ਹੈ, ਜੋ ਉਨ੍ਹਾਂ ਨੂੰ ਸ਼ਰਾਬ ਸਪਲਾਈ ਕਰਦੇ ਸਨ। ਇਸ ਮਾਮਲੇ ਵਿਚ ਪੁਲਿਸ ਨੂੰ ਸਾਹਿਬ ਸਿੰਘ ਦੇ ਮੋਬਾਈਲ ਫੋਨ ਤੋਂ ਠੋਸ ਸਬੂਤ ਮਿਲੇ ਅਤੇ ਉਸ ਦੀ ਵ੍ਹਟਸਐਪ ਚੈਟ ਤੋਂ ਪਤਾ ਲੱਗਿਆ ਕਿ ਉਸ ਨੇ ਲੁਧਿਆਣਾ ਦੀ ਫਰਮ ਤੋਂ ਲਗਭਗ 50 ਲਿਟਰ ਮੀਥੇਨੌਲ ਖਰੀਦਿਆ ਸੀ ਅਤੇ ਦਿੱਲੀ ਦੀ ਫਰਮ ਤੋਂ 600 ਲਿਟਰ ਕੈਮੀਕਲ ਵੀ ਮੰਗਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਲੁਧਿਆਣਾ ਸਥਿਤ ਦੋ ਫਰਮਾਂ ਦੇ ਮਾਲਕਾਂ ਅਰਵਿੰਦਰ ਕੁਮਾਰ ਅਤੇ ਪੰਕਜ ਕੁਮਾਰ ਨੂੰ ਜਮਾਲਪੁਰ (ਲੁਧਿਆਣਾ) ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਨੂੰ ਤੁਰੰਤ ਦਿੱਲੀ ਭੇਜਿਆ ਗਿਆ ਅਤੇ ਦਿੱਲੀ ਦੀ ਕੰਪਨੀ ਦੇ ਮਾਲਕ ਰਵਿੰਦਰ ਕੁਮਾਰ ਜੈਨ ਅਤੇ ਰਾਜੀਵ ਕੁਮਾਰ ਜੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਹਿਬ ਨੇ ਪ੍ਰਭਜੀਤ ਅਤੇ ਕੁਲਬੀਰ ਨੂੰ ਮੀਥੇਨੌਲ ਦਾ ਇਕ ਡੱਬਾ ਦਿੱਤਾ ਸੀ, ਜਿਨ੍ਹਾਂ ਨੇ ਇਸ ਨੂੰ ਪਤਲਾ ਕਰਨ ਤੋਂ ਬਾਅਦ ਵਿਤਰਕਾਂ ਨੂੰ ਅੱਗੇ ਵੇਚ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਅਤੇ ਰੂਪੋਸ਼ ਹੋ ਗਿਆ ਪਰ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਦਿਹਾਤੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਆਬਕਾਰੀ ਐਕਟ ਦੇ ਲਗਭਗ 10 ਕੇਸ ਦਰਜ ਹਨ।
ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪੁੱਜੀ
