#PUNJAB

ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੀ ਜਿੱਤ ਮੁੱਖ ਮੰਤਰੀ ਲਈ ‘ਬਿਗ ਬੂਸਟ’ ਦਾ ਕਰੇਗੀ ਕੰਮ

ਜਲੰਧਰ, 15 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਪ-ਚੋਣਾਂ ‘ਚ ਮਿਲੀ ਵੱਡੀ ਜਿੱਤ ਉਸ ਲਈ ‘ਬਿਗ ਬੂਸਟ’ ਦਾ ਕੰਮ ਕਰੇਗੀ।
ਲੋਕ ਸਭਾ ਚੋਣਾਂ ‘ਚ ਕਾਂਗਰਸ ਵੱਲੋਂ 7 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕਰਨ ਪਿੱਛੋਂ ਸੂਬੇ ‘ਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਅਗਲੀ ਸਰਕਾਰ ਕਾਂਗਰਸ ਬਣਾਵੇਗੀ ਪਰ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਜਲੰਧਰ ਵੈਸਟ ਹਲਕੇ ਦੀ ਉਪ-ਚੋਣ ‘ਚ ਵੱਡੀ ਜਿੱਤ ਹਾਸਲ ਕੀਤੀ ਹੈ, ਉਸ ਦੇ ਬਾਅਦ ਵਿਰੋਧੀਆਂ ਨੂੰ ਉਨ੍ਹਾਂ ਨੇ ਜਵਾਬ ਦੇ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੇ ਵਿਰੋਧੀਆਂ ਨੂੰ ਇਹ ਕਹਿਣ ਦੀ ਸਥਿਤੀ ‘ਚ ਆ ਗਏ ਹਨ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤੁਲਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇ ਨਾਲ ਨਹੀਂ ਕੀਤੀ ਜਾ ਸਕਦੀ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਲਈ ਵੀ ਬੂਸਟ ਮਿਲੇਗੀ ਕਿਉਂਕਿ ਇਕ ਤਾਂ ਪਾਰਟੀ ਦੇ ਅੰਦਰ ਉਨ੍ਹਾਂ ਦੀ ਪਕੜ ਫਿਰ ਤੋਂ ਮਜ਼ਬੂਤ ਹੋਵੇਗੀ ਅਤੇ ਨਾਲ ਹੀ ਹੁਣ ਕੋਈ ਭਗਵੰਤ ਮਾਨ ਦੀ ਲੀਡਰਸ਼ਿਪ ‘ਤੇ ਸਵਾਲ ਨਹੀਂ ਉਠਾਏਗਾ।
ਮੁੱਖ ਮੰਤਰੀ ਨੇ ਜਿਸ ਤਰ੍ਹਾਂ ਜਲੰਧਰ ਵੈਸਟ ਹਲਕੇ ‘ਚ ਉਪ-ਚੋਣਾਂ ਦੌਰਾਨ ਜਲੰਧਰ ‘ਚ ਡੇਰਾ ਪਾਈ ਰੱਖਿਆ, ਉਸ ਨਾਲ ਵੀ ਵਰਕਰਾਂ ਦਾ ਹੌਂਸਲਾ ਉੱਚਾ ਹੋਇਆ ਸੀ ਅਤੇ ਮੁੱਖ ਮੰਤਰੀ ਨੇ ਇਹ ਪ੍ਰਭਾਵ ਵੀ ਦਿੱਤਾ ਸੀ ਕਿ ਹਰੇਕ ਮੰਤਰੀ, ਵਿਧਾਇਕ ਤੇ ਵਾਲੰਟੀਅਰਜ਼ ਨੂੰ ਪਾਰਟੀ ਲਈ ਸਖਤ ਮਿਹਨਤ ਕਰਨੀ ਹੋਵੇਗੀ।
ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਲਗਾਤਾਰ ਜਲੰਧਰ ‘ਚ ਅੜੀ ਰਹੀ। ਮੁੱਖ ਮੰਤਰੀ ਦੀ ਮਾਤਾ ਤੇ ਭੈਣ ਵੀ ਜਲੰਧਰ ‘ਚ ਹੀ ਰਹੀ ਅਤੇ ਸਭ ਨੇ ਵੱਖ-ਵੱਖ ਮੋਰਚਿਆਂ ‘ਤੇ ਕੰਮ ਕੀਤਾ।
ਹਾਲਾਂਕਿ ਉਪ-ਚੋਣਾਂ ਦੇ ਨਤੀਜੇ ਆਮ ਤੌਰ ‘ਤੇ ਸਰਕਾਰ ਦੇ ਪੱਖ ‘ਚ ਹੀ ਜਾਂਦੇ ਹਨ ਪਰ ਕਈ ਵਾਰ ਉਲਟ-ਫੇਰ ਹੁੰਦੇ ਹੋਏ ਵੀ ਦੇਖੇ ਗਏ ਹਨ। ਜਲੰਧਰ ਵੈਸਟ ਦੀ ਉਪ-ਚੋਣ ਇਸ ਲਈ ਵੀ ਅਹਿਮ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਜਲੰਧਰ ਵੈਸਟ ‘ਚ ਕਾਂਗਰਸ ਨੂੰ ਸਭ ਤੋਂ ਵੱਧ ਲਗਭਗ 44394 ਵੋਟਾਂ ਮਿਲੀਆਂ ਸੀ ਅਤੇ ਦੂਜੇ ਸਥਾਨ ‘ਤੇ ਭਾਜਪਾ ਰਹੀ ਸੀ, ਜਿਸ ਨੂੰ 42837 ਦੇ ਲਗਭਗ ਵੋਟਾਂ ਮਿਲੀਆਂ ਸੀ।
ਆਮ ਆਦਮੀ ਪਾਰਟੀ ਤੀਜੇ ਸਥਾਨ ‘ਤੇ ਰਹੀ ਸੀ, ਜਿਸ ਨੂੰ ਸਿਰਫ 15629 ਦੇ ਲਗਭਗ ਵੋਟਾਂ ਮਿਲੀਆਂ ਸੀ। ਇਸ ਲਈ ਇੰਨੇ ਹੇਠਲੇ ਪੱਧਰ ਤੋਂ ਪਾਰਟੀ ਦਾ ਵੋਟ ਬੈਂਕ ਵਧਾਉਣਾ ਇਕ ਚੁਣੌਤੀਪੂਰਨ ਕਾਰਜ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਨੇ ਸਫਲਤਾਪੂਰਵਕ ਸੰਪੰਨ ਕੀਤਾ ਹੈ। ਇਸ ਜਿੱਤ ਦੇ ਬਾਅਦ ਹੁਣ ਸਰਕਾਰ ‘ਚ ਵੀ ਸਥਿਰਤਾ ਆਵੇਗੀ ਅਤੇ ਨਾਲ ਹੀ ਸਰਕਾਰ ਹੁਣ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਪ੍ਰਭਾਵੀ ਢੰਗ ਨਾਲ ਅੱਗੇ ਵਧੇਗੀ।