#PUNJAB

ਜਲੰਧਰ ਵਾਸੀਆਂ ਨੂੰ 11 ਜਨਵਰੀ ਨੂੰ ਮਿਲੇਗਾ ਨਵਾਂ ਮੇਅਰ!

ਜਲੰਧਰ, 8 ਜਨਵਰੀ (ਪੰਜਾਬ ਮੇਲ)- ਨਵੇਂ ਮੇਅਰ ਨੂੰ ਲੈ ਕੇ ਜਲੰਧਰ ਵਾਸੀਆਂ ਇੰਤਜ਼ਾਰ ਹੁਣ ਜਲਦੀ ਹੀ ਖ਼ਤਮ ਹੋਣ ਜਾ ਰਿਹਾ ਹੈ। 11 ਜਨਵਰੀ ਨੂੰ ਤੋਂ ਪਹਿਲਾਂ ਜਲੰਧਰ ਦੇ ਲੋਕਾਂ ਨੂੰ ਆਪਣਾ ਮੇਅਰ ਮਿਲ ਜਾਵੇਗਾ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਵੀ ਪਤਾ ਲੱਗ ਜਾਵੇਗਾ।
ਡਿਵੀਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਸਹੁੰ ਚੁੱਕ ਸਮਾਗਮ ਦਾ ਸਮਾਂ ਅਤੇ ਦਿਨ ਵੀ ਤੈਅ ਕਰ ਲਿਆ ਗਿਆ ਹੈ। ਆਦੇਸ਼ਾਂ ਮੁਤਾਬਕ 11 ਜਨਵਰੀ ਨੂੰ ਦੁਪਹਿਰ 3 ਵਜੇ ਰੈੱਡ ਕ੍ਰਾਸ ਭਵਨ ਵਿਚ  ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਸਹੁੰ ਚੁਕਵਾਈ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਅਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ।
21 ਦਸੰਬਰ ਨੂੰ ਹੋਈਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵਿਚ 85 ਕੌਂਸਲਰ ਚੁਣ ਕੇ ਆਏ ਸਨ ਅਤੇ ਹਾਊਸ ਵਿਚ ਬਹੁਮਤ ਦਾ ਅੰਕੜਾ 43 ਸੀ। ਇਨ੍ਹਾਂ ਚੋਣਾਂ ਵਿਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਦਾ ਅੰਕੜਾ ਪ੍ਰਾਪਤ ਨਹੀਂ ਕਰ ਸਕੀ ਸੀ ਪਰ ਸੱਤਾਧਿਰ ਭਾਵ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 38 ਸੀਟਾਂ ਪ੍ਰਾਪਤ ਹੋਈਆਂ ਸਨ ਅਤੇ ਬਹੁਮਤ ਲਈ ਉਸ ਕੋਲ 5 ਕੌਂਸਲਰ ਘੱਟ ਸਨ। ਅਜਿਹੇ ਵਿਚ ਸਿਆਸੀ ਉਥਲ-ਪੁਥਲ ਅਤੇ ਜੋੜ-ਤੋੜ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਆਮ ਆਦਮੀ ਪਾਰਟੀ ਨੇ ਕੁਝ ਦਿਨ ਦੀ ਮਿਹਨਤ ਤੋਂ ਬਾਅਦ ਆਪਣੇ ਖੇਮੇ ਵਿਚ 6 ਹੋਰ ਕੌਂਸਲਰ ਜੁਟਾ ਲਏ, ਜਿਸ ਵਿਚੋਂ 2 ਕਾਂਗਰਸ ਦੇ, 2 ਭਾਜਪਾ ਦੇ ਅਤੇ 2 ਕੌਂਸਲਰ ਆਜ਼ਾਦ ਰੂਪ ਵਿਚ ਜਿੱਤੇ ਸਨ। ਇਨ੍ਹਾਂ 6 ਕੌਂਸਲਰਾਂ ਦੇ ਸ਼ਾਮਲ ਹੋਣ ਤੋਂ ਬਾਅਦ ‘ਆਪ’ ਨੇ ਬਹੁਮਤ ਪ੍ਰਾਪਤ ਕਰਦੇ ਹੋਏ ਆਪਣੇ ਖੇਮੇ ਵਿਚ 44 ਕੌਂਸਲਰ ਕਰ ਲਏ।
ਅੱਜ ਤੱਕ ਜਲੰਧਰ ਵਿਚ ਜਿੰਨੇ ਵੀ ਮੇਅਰ ਬਣੇ ਹਨ, ਉਨ੍ਹਾਂ ਦੀ ਚੋਣ ਨਗਰ ਨਿਗਮ ਦੇ ਆਪਣੇ ਟਾਊਨ ਹਾਲ ਵਿਚ ਹੀ ਹੋਈ ਹੈ। ਇਸ ਸਮੇਂ ਵੀ ਨਗਰ ਨਿਗਮ ਦੀ ਮੇਨ ਬਿਲਡਿੰਗ ਵਿਚ ਦੂਸਰੀ ਮੰਜ਼ਿਲ ‘ਤੇ ਟਾਊਨ ਹਾਲ ਬਣਿਆ ਹੋਇਆ ਹੈ ਪਰ ਉਹ ਇੰਨਾ ਛੋਟਾ ਹੈ ਕਿ ਉਥੇ 85 ਕੌਂਸਲਰ, 40-42 ਕੌਂਸਲਰਪਤੀ ਅਤੇ ਨਿਗਮ ਦੇ ਅਫਸਰ, ਮੀਡੀਆ ਪ੍ਰਤੀਨਿਧੀ ਆਦਿ ਨਹੀਂ ਆ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਕੁਝ ਵਿਧਾਇਕ ਵੀ ਮੌਜੂਦ ਰਹਿਣਗੇ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਵੇਗੀ। ਅਜਿਹੇ ਵਿਚ ਨਿਗਮ ਪ੍ਰਸ਼ਾਸਨ ਨੇ ਹਾਊਸ ਦੀ ਪਹਿਲੀ ਮੀਟਿੰਗ ਰੈੱਡ ਕਰਾਸ ਭਵਨ ਵਿਚ ਕਰਵਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਵਿਚ ਵੀ ਕੌਂਸਲਰ ਹਾਊਸ ਦੀਆਂ ਕਈ ਮੀਟਿੰਗਾਂ ਰੈੱਡ ਕਰਾਸ ਭਵਨ ਵਿਚ ਆਯੋਜਿਤ ਹੋ ਚੁੱਕੀਆਂ ਹਨ।