#PUNJAB

ਜਲੰਧਰ ਜ਼ਿਮਨੀ ਚੋਣ : ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਜਲੰਧਰ,  21 ਜੂਨ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ  ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਕੌਂਸਲਰ ਰਹਿ ਚੁੱਕੇ ਜਥੇਦਾਰ ਪ੍ਰੀਤਮ ਸਿੰਘ, ਬਸਤੀ ਮਿੱਠੂ ਦੀ ਪਤਨੀ ਸੁਰਜੀਤ ਕੌਰ ਨੂੰ ਟਿਕਟ ਦਿੱਤੀ ਹੈ। ਸੁਰਜੀਤ ਕੌਰ ਦਾ ਪਰਿਵਾਰ ਅਕਾਲੀ ਦਲ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਪ੍ਰੀਤਮ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨ।
ਦੱਸਣਯੋਗ ਹੈ ਕਿ ਦੋਆਬੇ ਦੀ ਰਾਜਧਾਨੀ ਜਲੰਧਰ ਦੀ ਪੱਛਮੀ ਵਿਧਾਨ ਸਭਾ ਸੀਟ ’ਤੇ ਚੋਣ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਜਕੋ-ਤਕੋ ਕਰ ਰਿਹਾ ਸੀ ਪਰ ਪਾਰਟੀ ਦੇ ਅੰਦਰੋਂ ਆਵਾਜ਼ ਦੇ ਚਲਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਰ ਉਮੀਦਵਾਰ ਲੱਭਣ ਲਈ ਚਾਰ ਮੈਂਬਰੀ ਕਮੇਟੀ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਬਣਾਈ ਸੀ। ਪਾਰਟੀ ਵੱਲੋਂ ਬਣਾਈ ਗਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਵਿੱਚ ਸ਼ਾਮਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐੱਮ. ਪੀ. ਮਹਿੰਦਰ ਸਿੰਘ ਕੇ. ਪੀ. ਅਤੇ ਬੰਗਾ ਹਲਕੇ ਤੋਂ ਵਿਧਾਇਕ ਡਾ.  ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜੱਥੇਦਾਰ ਪ੍ਰੀਤਮ ਸਿੰਘ ਦੀ ਧਰਮਪਤਨੀ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਨ੍ਹਾਂ ਅਕਾਲੀ ਆਗੂਆਂ ਨੇ ਦੱਸਿਆ ਕਿ ਬੀਬੀ ਸੁਰਜੀਤ ਕੌਰ ਦੋ ਵਾਰ ਅਤੇ ਜਥੇਦਾਰ ਪ੍ਰੀਤਮ ਸਿੰਘ ਇਕ ਨਗਰ ਨਿਗਮ ਜਲੰਧਰ ਦੇ ਕੌਂਸਲਰ ਰਹੇ ਹਨ। ਸਕਰੀਨਿੰਗ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰ ਦੀ ਚੋਣ ਕਰਨ ਵਾਸਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ। ਕਮੇਟੀ ਨੇ ਵੱਖ-ਵੱਖ  ਅਕਾਲੀ ਸੋਚ ਵਾਲੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਕਾਲੀ ਪਿਛਕੋੜ ਵਾਲੇ ਆਗੂ ਜੱਥੇਦਾਰ ਪ੍ਰੀਤਮ ਸਿੰਘ ਦੀ ਧਰਮਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਹੁਣ ਫਿਰ ਜਲੰਧਰ ਤੋਂ ਪੰਜ ਕੋਨਾ ਮੁਕਾਬਲਾ ਵੇਖਣ ਨੂੰ ਮਿਲੇਗਾ ਜਿਸ ਵਿਚ ਕਾਂਗਰਸ, ‘ਆਪ’, ਭਾਜਪਾ, ਅਕਾਲੀ ਦਲ, ਬਸਪਾ ਦੇ ਉਮੀਦਵਾਰ ਲਈ ਉਨ੍ਹਾਂ ਦੇ ਹਮਾਇਤੀ ਵੋਟ ਮੰਗਣਗੇ।