#PUNJAB

ਜਲੰਧਰ ਜ਼ਿਮਨੀ ਚੋਣ ਲੜਨ ਵਾਲੀ ਅਕਾਲੀ ਆਗੂ ਸੁਰਜੀਤ ਕੌਰ ਦੀਆਂ ਵਧੀਆ ਮੁਸ਼ਕਿਲਾਂ

-ਸੁਰਜੀਤ ਕੌਰ ਵੱਲੋਂ ਬਣਾਏ ਜਾਅਲੀ ਐੱਸ.ਸੀ. ਸਰਟੀਫ਼ਿਕੇਟ ਦੀ ਜਾਂਚ ਦੀ ਉੱਠੀ ਮੰਗ!
ਜਲੰਧਰ, 17 ਜੁਲਾਈ (ਪੰਜਾਬ ਮੇਲ)- ਜਲੰਧਰ ਵੈਸਟ ਹਲਕੇ ਤੋਂ ਜ਼ਿਮਨੀ ਚੋਣ ਲੜਨ ਵਾਲੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਪੰਜਾਬ ਭਾਜਪਾ ਦੇ ਅਨੂਸੁਚਿਤ ਜਾਤੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਆਈ.ਏ.ਐੱਸ. ਅਧਿਕਾਰੀ ਸੁੱਚਾ ਰਾਮ ਲਾਧਰ ਨੇ ਰਾਸ਼ਟਰੀ ਅਨੂਸੁਚਿਤ ਜਾਤੀ ਕਮਿਸ਼ਨ, ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਜਾਤੀ ਪ੍ਰਮਾਣ ਪੱਤਰ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਜਿਸ ਸੀਟ ‘ਤੇ ਉਨ੍ਹਾਂ ਨੇ ਚੋਣ ਲੜੀ ਸੀ, ਉਹ ਐੱਸ.ਸੀ. ਸੀਟ ਹੈ। ਅਜਿਹੇ ‘ਚ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਉਕਤ ਸੁਰਜੀਤ ਕੌਰ ਐੱਸ.ਸੀ. ਭਾਈਚਾਰੇ ਨਾਲ ਸੰਬੰਧ ਨਹੀਂ ਰੱਖਦੀ ਹੈ।
ਭਾਜਪਾ ਆਗੂ ਸੁੱਚਾ ਰਾਮ ਵੱਲੋਂ ਭੇਜੀ ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਗਾਇਆ ਹੈ ਕਿ ਵੋਟਾਂ ‘ਤੇ ਅਸਰ ਪੈਣ ਕਾਰਨ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਸ਼ਿਕਾਇਤ ਨਹੀਂ ਕੀਤੀ। ਹੁਣ ਚੋਣ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਇਸ ਲਈ ਸੁਰਜੀਤ ਕੌਰ ਵੱਲੋਂ ਬਣਾਏ ਜਾਅਲੀ ਐੱਸ.ਸੀ. ਸਰਟੀਫ਼ਿਕੇਟ ਦੀ ਜਾਂਚ ਕੀਤੀ ਜਾਵੇ ਅਤੇ ਜਾਅਲੀ ਸਰਟੀਫ਼ਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਾਬਕਾ ਆਈ.ਏ.ਐੱਸ. ਅਧਿਕਾਰੀ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ, ਤਾਂ ਰਾਜਪੂਤ (ਸਿਰਕੀਬੰਦ) ਭਾਈਚਾਰੇ ਦੇ ਲੋਕਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸੁਰਜੀਤ ਕੌਰ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਿਰਕੱਢ ਰਾਜਪੂਤ ਪੰਜਾਬ ਦੀ ਜਾਤ ਨਹੀਂ ਹੈ ਅਤੇ ਭਾਰਤ ਸਰਕਾਰ ਵੱਲੋਂ 39 ਅਨੁਸੂਚਿਤ ਜਾਤੀਆਂ ਵਿਚੋਂ ਅਧਿਸੂਚਿਤ ਨਹੀਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 5 ਜਨਵਰੀ 2021 ਨੂੰ ਇਕ ਫ਼ੈਸਲੇ ਵਿਚ ਪਿੰਡ ਆਲਮਪੁਰ (ਪਟਿਆਲਾ) ਦੇ ਰਾਜਪੂਤ ਸਰਕੀਬੰਦਾਂ ਦੇ 6 ਸਰਟੀਫ਼ਿਕੇਟ ਰੱਦ ਕਰ ਦਿੱਤੇ ਸਨ। ਇਸੇ ਤਰ੍ਹਾਂ ਰਾਜਪੁਰਾ ਨੇੜਲੇ ਪਿੰਡ ਦੀ ਇਕ ਕੁੜੀ ਰਵਜੀਤ ਕੌਰ ਜੋਕਿ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੀ ਸੀ, ਨੂੰ ਜਾਅਲੀ ਸਿਰਕੱਢ-ਰਾਜਪੂਤ ਸਰਟੀਫ਼ਿਕੇਟ ਬਣਾਉਣ ਕਾਰਨ ਕਾਲਜ ਵਿਚੋਂ ਕੱਢ ਦਿੱਤਾ ਗਿਆ ਸੀ।