#PUNJAB

ਜਲੰਧਰ ਜ਼ਿਮਨੀ ਚੋਣ: ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਜਲੰਧਰ, 21 ਜੂਨ (ਪੰਜਾਬ ਮੇਲ)- ਜਲੰਧਰ ਜ਼ਿਮਨੀ ਚੋਣ ਲਈ ਨਾਮਜ਼ਦਗੀ ਭਰਨ ਦੇ ਅੱਜ ਆਖ਼ਰੀ ਦਿਨ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਅਤੇ ਅਕਾਲੀ ਦਲ ਦੇ ਉਮੀਦਾਰ ਸੁਰਜੀਤ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਸ ਸੀਟ ਲਈ ਕਈ ਲੋਕਾਂ ਨੇ ਦਾਅਵਾ ਪੇਸ਼ ਕੀਤਾ ਸੀ ਅਤੇ ਸਾਰਿਆਂ ਨਾਲ ਗੱਲਬਾਤ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਜਲੰਧਰ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ। ਪਤੀ ਦੀ ਮੌਤ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸਾਦਾ ਜੀਵਨ ਬਤੀਤ ਕੀਤਾ ਅਤੇ ਲੋਕਾਂ ਦੀ ਸੇਵਾ ਕੀਤੀ।
ਨਾਮਜ਼ਦਗੀ ਦਾਖ਼ਲ ਕਰਨ ਜਾ ਰਹੀ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਹੈ ਅਤੇ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਵੱਡਾ ਮੌਕਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਜਿੱਤੇਗੀ? ਇਹ ਚੋਣ ਅਸੀਂ ਵੱਡੇ ਫਰਕ ਨਾਲ ਜਿੱਤਾਂਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਮੰਤਰੀ ਹਰਪਾਲ ਚੀਮਾ, ਮੰਤਰੀ ਅਮਨ ਅਰੋੜਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਸੀਨੀਅਰ ਆਗੂ ਮੌਜੂਦ ਸਨ। ਮੋਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪਿਤਾ ਸਾਬਕਾ ਮੰਤਰੀ ਚੁੰਨੀ ਲਾਲ ਆਸ਼ਿਰਵਾਦ ਲਿਆ ਅਤੇ ਫਿਰ ਭਾਰਗੋ ਕੈਂਪ ਵਿਚ ਸਥਿਤ ਕਬੀਰ ਮੰਦਿਰ ਵਿਚ ਮੱਥਾ ਵੀ ਟੇਕਿਆ।
ਵੈਸਟ ਵਿਧਾਨ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਵੀਰਵਾਰ 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਧਿਕਾਰੀ ਨੂੰ ਦਾਖ਼ਲ ਕਰਵਾਏ ਸਨ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਦੇ ਤੌਰ ‘ਤੇ ਸਰਬਜੀਤ ਸਿੰਘ, ਬਸਪਾ ਦੇ ਉਮੀਦਵਾਰ ਦੇ ਤੌਰ ‘ਤੇ ਬਿੰਦਰ ਕੁਮਾਰ ਲੱਖਾ ਅਤੇ ਰਾਸ਼ਟਰੀ ਏਕਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਇਕਬਾਲ ਚੰਦ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ।