#PUNJAB

ਜਲੰਧਰ ਜ਼ਿਮਨੀ ਚੋਣ; ਅਕਾਲੀ ਦਲ 1920 ਤੇ ਮਿਸਲ ਸਤਲੁਜ ਵੱਲੋਂ ਬੀਬੀ ਸੁਰਜੀਤ ਕੌਰ ਦੀ ਹਮਾਇਤ ਦਾ ਐਲਾਨ

ਜਲੰਧਰ, 1 ਜੁਲਾਈ (ਪੰਜਾਬ ਮੇਲ)- ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਜਲੰਧਰ ਇਕਾਈ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਬਿਨਾਕਾ ਅਤੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਵਿਚ ਹਾਜ਼ਰ ਜਥੇਦਾਰ ਭਰਪੂਰ ਸਿੰਘ ਧਾਂਦਰਾ, ਜਗਤਾਰ ਸਿੰਘ ਸਹਾਰਨਮਾਜਰਾ, ਬੀਬੀ ਹਰਜੀਤ ਕੌਰ ਤਲਵੰਡੀ, ਅਮਰਜੀਤ ਸਿੰਘ, ਦਵਿੰਦਰ ਸਿੰਘ ਸੇਖੋਂ ਤੇ ਬਲਦੇਵ ਸਿੰਘ ਗੱਤਕਾ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ਟਕਸਾਲੀ ਅਕਾਲੀ ਪਰਿਵਾਰ ਵਿਚੋਂ ਹਨ। ਆਗੂਆਂ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ‘ਤੇ ਕਾਗਜ਼ ਵਾਪਸ ਲੈਣ ਦਾ ਦਬਾਅ ਪਾਇਆ ਗਿਆ ਅਤੇ ਉਨ੍ਹਾਂ ਨੂੰ ਅਲਾਟ ਹੋਇਆ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਖੋਹਣ ਦੇ ਯਤਨ ਕੀਤੇ ਗਏ ਪਰ ਜਦੋਂ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਕਾਮਯਾਬ ਨਹੀਂ ਹੋ ਸਕੀ, ਤਾਂ ਆਖਰੀ ਹਥਿਆਰ ਵਰਤਦਿਆਂ ਸੁਖਬੀਰ ਸਿੰਘ ਬਾਦਲ ਧੜੇ ਦੇ ਆਗੂਆਂ ਨੇ ਬੀਬੀ ਸੁਰਜੀਤ ਕੌਰ ਨੂੰ ਕੋਈ ਪਾਰਟੀ ਫੰਡ ਦੇਣ ਤੋਂ ਨਾਂਹ ਕਰ ਦਿੱਤੀ ਤੇ ਬਸਪਾ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਫੈਸਲਾ ਸੁਣਾ ਦਿੱਤਾ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਰਾਜਪਾਲ ਨੇ ਕਿਹਾ ਕਿ ਪਾਰਟੀ ਦਾ 103 ਸਾਲਾਂ ਦਾ ਇਤਿਹਾਸ ਬੜਾ ਸ਼ਾਨਾਮੱਤਾ ਹੈ ਪਰ ਪਾਰਟੀ ਨੇ ਕਦੇ ਇਹ ਨਹੀਂ ਸੀ ਕੀਤਾ ਕਿ ਆਪਣੇ ਐਲਾਨੇ ਹੋਏ ਉਮੀਦਵਾਰ ਤੋਂ ਪਾਰਟੀ ਪ੍ਰਧਾਨ ਮੂੰਹ ਫੇਰ ਲੈਣ। ਅਕਾਲੀ ਦਲ 1920 ਤੇ ਮਿਸਲ ਸਤਲੁਜ ਨੇ ਫੈਸਲਾ ਲੈਂਦਿਆਂ ਬੀਬੀ ਸੁਰਜੀਤ ਕੌਰ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ।