-ਰੋਜ਼ਾਨਾ ਜਾਰੀ ਕੀਤੇ ਜਾ ਰਹੇ ਨੇ 900 ਤੋਂ 1200 ਨਵੇਂ ਪਾਸਪੋਰਟ
ਜਲੰਧਰ, 27 ਨਵੰਬਰ (ਪੰਜਾਬ ਮੇਲ)- ਜਲੰਧਰ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ ਅਤੇ ਹੁਣ ਦਫ਼ਤਰ ਵੱਲੋਂ ਪੁਲਸ ਦੀ ਰਿਪੋਰਟ ਮਿਲਦੇ ਸਾਰ ਅਗਲੇ ਦਿਨ ਹੀ ਬਿਨੈਕਾਰਾਂ ਨੂੰ ਪਾਸਪੋਰਟ ਭੇਜੇ ਜਾ ਰਹੇ ਹਨ। ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਰੋਜ਼ਾਨਾ 900 ਤੋਂ 1200 ਨਵੇਂ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ। ਜੇਕਰ ਇਸ ਤੋਂ ਵੱਧ ਪੁਲਿਸ ਰਿਪੋਰਟਾਂ ਮਿਲਦੀਆਂ ਹਨ, ਤਾਂ ਪਾਸਪੋਰਟ ਦਫ਼ਤਰ ਉਸ ਲਈ ਵੀ ਤਿਆਰ ਹੈ, ਕਿਉਂਕਿ ਖੇਤਰੀ ਪਾਸਪੋਰਟ ਦਫ਼ਤਰ ਕੋਲ ਰੋਜ਼ਾਨਾ 2000 ਨਵੇਂ ਪਾਸਪੋਰਟ ਤਿਆਰ ਕਰਨ ਦੀ ਸਮਰੱਥਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਬਿਨੈਕਾਰਾਂ ਨੂੰ ਅਪੁਆਇੰਟਮੈਂਟ ਲੈਣ ਲਈ 2 ਤੋਂ 3 ਮਹੀਨੇ ਤਕ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਇਹ ਉਡੀਕ ਸੂਚੀ ਖ਼ਤਮ ਕਰ ਦਿੱਤੀ ਗਈ ਹੈ। ਹੁਣ ਬਿਨੈਕਾਰ ਵਲੋਂ ਆਨਲਾਈਨ ਫਾਰਮ ਭਰਨ ਤੋਂ ਬਾਅਦ ਅਗਲੇ ਹੀ ਦਿਨ ਉਸ ਨੂੰ ਅਪੁਆਇੰਟਮੈਂਟ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੋਵਾਂ ਪਾਸਪੋਰਟ ਸੇਵਾ ਕੇਂਦਰਾਂ ਵਿਚ ਰੋਜ਼ਾਨਾ ਔਸਤਨ 1200 ਅਪੁਆਇੰਟਮੈਂਟਸ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਪਾਸਪੋਰਟ ਮੇਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਇਨ੍ਹਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਮੇਲਿਆਂ ਵਿਚ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਚੋਲਿਆਂ ਤੋਂ ਸੁਚੇਤ ਰਹਿਣ ਅਤੇ ਪਾਸਪੋਰਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਸਿੱਧੇ ਪਾਸਪੋਰਟ ਦਫ਼ਤਰ ਆਉਣ।