#PUNJAB

ਜਲੰਧਰ ‘ਚ ਐੱਨ.ਆਰ.ਆਈ. ਭਰਾਵਾਂ ਦੇ ਘਰ ‘ਤੇ ਹੋਈ ਫਾਇਰਿੰਗ ਦੇ ਤਾਰ ਪਾਕਿ ਡੌਨ ਨਾਲ ਜੁੜੇ

ਜਲੰਧਰ, 2 ਜੁਲਾਈ (ਪੰਜਾਬ ਮੇਲ)- ਐੱਨ.ਆਰ.ਆਈ. ਭਰਾਵਾਂ ਦੇ ਨਿਊ ਅਮਰ ਨਗਰ ਸਥਿਤ ਘਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਹਮਲਾ ਕਰਵਾਉਣ ਵਾਲੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸ਼ਹਿਜ਼ਾਦ ਭੱਟੀ ਵਿਦੇਸ਼ ‘ਚ ਬੈਠੇ ਪੰਜਾਬੀ ਇਨਫਲੂਐਂਸਰ ਇੰਦੀ ਜਾਇਸਵਾਲ ਨਾਲ ਵੀਡੀਓ ਕਾਲਿੰਗ ਦੌਰਾਨ ਇਸ ਮੁੱਦੇ ‘ਤੇ ਗੱਲ ਕਰ ਰਿਹਾ ਹੈ, ਜਿਸ ਨੇ ਕਿਹਾ ਕਿ ਇਹ ਹਮਲਾ ਕੋਈ ਫਿਰੌਤੀ ਲਈ ਨਹੀਂ ਸੀ ਪਰ ਹੁਣ ਜੇਕਰ ਉਕਤ ਨੌਜਵਾਨ (ਜਤਿੰਦਰ ਸਿੰਘ) ਨੇ ਫਿਰੌਤੀ ਦਾ ਨਾਂ ਲੈ ਹੀ ਲਿਆ ਹੈ, ਤਾਂ ਹੁਣ ਉਹ ਫਿਰੌਤੀ ਲੈ ਕੇ ਵਿਖਾਏਗਾ ਅਤੇ ਇਸ ਲਈ ਭਾਵੇਂ ਉਨ੍ਹਾਂ ਵਿਚੋਂ ਕਿਸੇ ਦੀ ਜਾਨ ਹੀ ਕਿਉਂ ਨਾ ਲੈਣੀ ਪਵੇ।
ਇਹ ਮਾਮਲਾ ਏਜੰਟੀ ਦਾ ਹੀ ਸਾਹਮਣੇ ਆ ਰਿਹਾ ਹੈ। ਭੱਟੀ ਨੇ ਵੀਡੀਓ ਕਾਲਿੰਗ ‘ਚ ਏਜੰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਜਤਿੰਦਰ ਨੇ ਉਸ ਨੂੰ ਗਾਲ੍ਹ ਕੱਢੀ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਉਸ ਦੇ ਘਰ ‘ਤੇ ਗੋਲ਼ੀਆਂ ਚਲਵਾ ਦਿੱਤੀਆਂ। ਭੱਟੀ ਨੇ ਕਿਹਾ ਕਿ ਜੇਕਰ ਜਤਿੰਦਰ ਸਿੰਘ ਹਰ ਆਡੀਓ ਪੁਲਿਸ ਅਤੇ ਮੀਡੀਆ ਨਾਲ ਸਾਂਝੀ ਕਰ ਰਿਹਾ ਹੈ, ਤਾਂ ਫਿਰ ਉਸ ਨੇ ਫਿਰੌਤੀ ਦੀ ਆਡੀਓ ਜਾਂ ਮੈਸੇਜ ਕਿਉਂ ਨਹੀਂ ਵਿਖਾਏ, ਜਿਸ ਵਿਚ ਉਸ ਨੇ ਕੋਈ ਫਿਰੌਤੀ ਮੰਗੀ ਹੋਵੇ।
ਭੱਟੀ ਨੇ ਧਮਕੀ ਦਿੰਦੇ ਕਿਹਾ ਕਿ ਹੁਣ ਉਹ ਫਿਰੌਤੀ ਲੈ ਕੇ ਰਹੇਗਾ ਅਤੇ ਜਿੰਨਾ ਉਸ ਦਾ ਖ਼ਰਚਾ ਆਇਆ ਅਤੇ ਅੱਗੇ ਆਉਣ ਵਾਲਾ ਹੈ, ਉਸ ਤੋਂ ਜ਼ਿਆਦਾ ਰਕਮ ਉਹ ਫਿਰੌਤੀ ਵਜੋਂ ਵਸੂਲੇਗਾ। ਦੂਜੇ ਪਾਸੇ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪਹਿਲੇ ਦਿਨ ਤੋਂ ਹੀ ਫਿਰੌਤੀ ਦਾ ਨਹੀਂ ਸੀ। ਦੂਜੇ ਪਾਸੇ ਡੀ.ਸੀ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਈ ਬਿੰਦੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੋਮਵਾਰ ਦੇਰ ਰਾਤ ਨਿਊ ਅਮਰ ਨਗਰ ‘ਚ ਮੋਟਰਸਾਈਕਲ ਸਵਾਰ 2 ਸ਼ੂਟਰਾਂ ਨੇ ਪੁਰਤਗਾਲ ਵਿਚ ਰਹਿੰਦੇ ਤਿੰਨ ਭਰਾਵਾਂ ਦੇ ਘਰ ‘ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ, ਤਾਂ ਫੋਨ ‘ਤੇ ਗੱਲਬਾਤ ਦੌਰਾਨ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਇਹ ਹਮਲਾ ਫਿਰੌਤੀ ਲਈ ਕੀਤਾ ਗਿਆ ਸੀ। ਇਸ ਦੇ ਪਿੱਛੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਨਾਂ ਦੱਸਿਆ ਜਾ ਰਿਹਾ ਸੀ। ਜਤਿੰਦਰ ਸਿੰਘ ਨੇ ਪੁਲਿਸ ਨੂੰ ਕਈ ਆਡੀਓ ਵੀ ਭੇਜੇ ਸਨ, ਜਿਨ੍ਹਾਂ ਵਿਚ ਸ਼ਹਿਜ਼ਾਦ ਭੱਟੀ ਨਾਲ ਗਾਲੀ-ਗਲੋਚ ਤਾਂ ਹੋ ਰਹੀ ਸੀ ਪਰ ਫਿਰੌਤੀ ਦੀ ਡਿਮਾਂਡ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਥਾਣਾ ਨੰ. 1 ਵਿਚ ਸ਼ਹਿਜ਼ਾਦ ਭੱਟੀ ਅਤੇ ਦੋ ਅਣਪਛਾਤੇ ਸ਼ੂਟਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।