-ਚੋਣ ਪ੍ਰਕਿਰਿਆ ਸੰਬੰਧੀ 23 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ
ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਵੀ.ਸੀ. ਪ੍ਰੋ. ਰੇਣੂ ਵਿੱਗ ਮੁਤਾਬਕ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਵੋਟਰ ਸੂਚੀ ਤਿਆਰ ਕੀਤੀ ਜਾ ਰਹੀ ਹੈ। ਮਹੀਨੇ ਦੇ ਅੰਤ ਤੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਚੋਣਾਂ ਲਈ ਕਰੀਬ 3 ਕਰੋੜ ਰੁਪਏ ਦਾ ਬਜਟ ਮਨਜ਼ੂਰ ਹੋਇਆ ਹੈ। ਸੈਨੇਟ ਚੋਣਾਂ ‘ਚ 15 ਗ੍ਰੈਜੂਏਟ ਹਲਕੇ ਦੀਆਂ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸਭ ਤੋਂ ਲੰਬੀ ਹੈ। ਚੋਣ ਪ੍ਰਕਿਰਿਆ ਸਬੰਧੀ ਨੋਟੀਫਿਕੇਸ਼ਨ 23 ਜਨਵਰੀ ਨੂੰ ਜਾਰੀ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ 28 ਅਕਤੂਬਰ ਨੂੰ ਸੈਨੇਟ ਤੇ ਸਿੰਡੀਕੇਟ ਦੇ ਪੁਨਰਗਠਨ ਸਬੰਧੀ ਜਾਰੀ ਨੋਟੀਫਿਕੇਸ਼ਨ ਦਾ ਵਿਦਿਆਰਥੀਆਂ ਤੇ ਪਾਰਟੀਆਂ ਨੇ ਵਿਰੋਧ ਕੀਤਾ ਸੀ। ਵੀ.ਸੀ. ਦਫ਼ਤਰ ਬਾਹਰ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕੀਤਾ, ਤਾਂ 7 ਨਵੰਬਰ ਨੂੰ ਸਿੱਖਿਆ ਮੰਤਰਾਲੇ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ। ਇਸ ਤੋਂ ਬਾਅਦ 9 ਨਵੰਬਰ ਨੂੰ ਸੈਨੇਟ ਚੋਣ ਪ੍ਰਕਿਰਿਆ ਅਸਲ ਰੂਪ ‘ਚ ਸ਼ੁਰੂ ਹੋਈ। ਵੀ.ਸੀ. ਨੇ ਕਿਹਾ ਕਿ ਬਜਟ ਨੂੰ ਕੇਂਦਰ ਤੇ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਪੰਜਾਬ ਸਰਕਾਰ ਤੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਲਈ ਕਰੀਬ 35 ਕਰੋੜ ਰੁਪਏ ਲੰਬਿਤ ਹਨ।
ਵੀ.ਸੀ. ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਟੀਚਾ ਅਕਾਦਮਿਕ ਗੁਣਵੱਤਾ ਨੂੰ ਮਜ਼ਬੂਤ ਕਰਨਾ ਤੇ ਪਾਠਕ੍ਰਮ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਨਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਤੇ ਸਬੰਧਤ ਕਾਲਜਾਂ ਨੂੰ ਅਕਾਦਮਿਕ ਤੌਰ ‘ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਮਾਨਸਿਕ ਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨ ਲਈ ਥੌਟ ਲੈਬ ਤੇ ਮੈਂਟਰ-ਮੈਂਟੀ ਪ੍ਰੋਗਰਾਮ ਵਰਗੀਆਂ ਕਈ ਨਵੀਆਂ ਪਹਿਲਕਦਮੀਆਂ ਜਲਦੀ ਹੀ ਸ਼ੁਰੂ ਹੋਣਗੀਆਂ।
ਕੈਂਪਸ ‘ਚ ਨਵਾਂ ਬਹੁ-ਮੰਤਵੀ ਹਾਲ ਜਲਦੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਵੀ.ਸੀ. ਨੇ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਹੋਣ ‘ਤੇ ਸੰਤੁਸ਼ਟੀ ਪ੍ਰਗਟਾਈ। ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਦਾ ਮਾਮਲਾ ਹਾਈ ਕੋਰਟ ‘ਚ ਵਿਚਾਰ ਅਧੀਨ ਹੈ। ਕਾਲਜਾਂ ‘ਚ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੈ, ਜਦਕਿ ਯੂਨੀਵਰਸਿਟੀ ‘ਚ ਇਹ 60 ਸਾਲ ਹੈ। ਵੀ.ਸੀ. ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਯੂ.ਜੀ.ਸੀ. ਨਿਯਮਾਂ 2018 ਨੂੰ ਪੂਰੀ ਤਰ੍ਹਾਂ ਅਪਣਾਇਆ ਹੈ ਤੇ ਸਾਰੇ ਸਬੰਧਤ ਕਾਲਜਾਂ ਨੂੰ ਨਿਯੁਕਤੀ, ਤਰੱਕੀ, ਤਨਖ਼ਾਹ ਨਿਰਧਾਰਨ ਤੇ ਸੇਵਾ ਨਾਲ ਸਬੰਧਤ ਮਾਮਲਿਆਂ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਕਾਨੂੰਨੀ ਤੌਰ ‘ਤੇ ਲਾਜ਼ਮੀ ਕੀਤਾ ਗਿਆ ਹੈ।
ਜਲਦ ਹੋਣਗੀਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ

