#AMERICA

ਜਲਦ ਹੀ ਪੰਜਾਬੀਆਂ ਨਾਲ ਭਰੇ ਇਕ ਹੋਰ ਜਹਾਜ਼ ਨੂੰ ਅਮਰੀਕਾ ਤੋਂ ਭਾਰਤ ਕੀਤਾ ਜਾਵੇਗਾ ਰਵਾਨਾ!

ਨਿਊਯਾਰਕ, 29 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰਾਂ ਅਤੇ ਗੈਂਗਸਟਰਾਂ ਦੀ ਫੜੋ-ਫੜੀ ਦੌਰਾਨ ਚਾਰ ਜਣਿਆਂ ਨੂੰ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ, ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਲਾਰੈਂਸ ਬਿਸ਼ਨੋਈ ਗਿਰੋਹ ਦੇ ਸਾਬਕਾ ਮੈਂਬਰ ਅਤੇ ਧੂਰਕੋਟ ਨਾਲ ਸਬੰਧਤ ਜਗਦੀਪ ਸਿੰਘ ਜੱਗਾ ਵਜੋਂ ਕੀਤੀ ਗਈ ਹੈ। ਇਸ ਵੇਲੇ ਰੋਹਿਤ ਗੋਦਾਰਾ ਗਿਰੋਹ ਨਾਲ ਕੰਮ ਕਰ ਰਹੇ ਜੱਗੇ ਨੂੰ ਕੈਨੇਡਾ-ਅਮਰੀਕਾ ਦੇ ਬਾਰਡਰ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ ਕੈਲੀਫੋਰਨੀਆ ਦੇ ਬੇਕਰਜ਼ਫ਼ੀਲਡ ਇਲਾਕੇ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ‘ਚ ਹਾਜ਼ਰੀ ਲਗਵਾਉਣ ਪੁੱਜੇ 2 ਪੰਜਾਬੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ, ਜਦਕਿ ਇਕ ਨੌਜਵਾਨ ਨੂੰ ਕਾਰ ਵਿਚੋਂ ਹਿਰਾਸਤ ਵਿਚ ਲਏ ਜਾਣ ਦੀ ਰਿਪੋਰਟ ਹੈ।
ਕੁੱਝ ਦਿਨ ਪਹਿਲਾਂ ਹੀ ਹਰਿਆਣਾ ਦੇ ਨੌਜਵਾਨਾਂ ਨਾਲ ਭਰਿਆ ਇਕ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਲੈਂਡ ਕੀਤਾ ਹੈ ਅਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਪੰਜਾਬੀਆਂ ਨਾਲ ਲੱਦਿਆ ਇਕ ਹੋਰ ਜਹਾਜ਼ ਅਮਰੀਕਾ ਤੋਂ ਰਵਾਨਾ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਵੱਲੋਂ ਹਿਰਾਸਤ ਵਿਚ ਲਏ ਪੰਜਾਬੀਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਭਾਈਚਾਰੇ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਧਰ ਜਗਦੀਪ ਸਿੰਘ ਜੱਗੇ ਵਿਰੁੱਧ ਰਾਜਸਥਾਨ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਵੱਲੋਂ ਪਹਿਲਾਂ ਹੀ ਕਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਉਸ ਦੀ ਹਵਾਲਗੀ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜੱਗਾ ਕਈ ਵਰ੍ਹਿਆਂ ਤੋਂ ਭਗੌੜਾ ਦੱਸਿਆ ਜਾ ਰਿਹਾ ਹੈ, ਜਿਸ ਵਿਰੁੱਧ ਪੰਜਾਬ ਵਿਚ ਵੀ ਕਈ ਮਾਮਲੇ ਦਰਜ ਹਨ। ਦੱਸ ਦੇਈਏ ਕਿ ਮਾਰਚ 2017 ਵਿਚ ਜੱਗਾ, ਲਾਰੈਂਸ ਬਿਸ਼ਨੋਈ ਅਤੇ ਅਨਿਲ ਬਿਸ਼ਨੋਈ ਨਾਲ ਜੇਲ੍ਹ ਵਿਚ ਬੰਦ ਸੀ। ਉਸ ਵਿਰੁੱਧ ਜੋਧਪੁਰ ਦੇ ਪ੍ਰਤਾਪ ਨਗਰ ਪੁਲਿਸ ਥਾਣੇ ਵਿਚ ਇਕ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਸਿਰਫ਼ ਐਨਾ ਹੀ ਨਹੀਂ, ਜੋਧਪੁਰ ਦੇ ਸਰਦਾਰਪੁਰਾ ਪੁਲਿਸ ਥਾਣੇ ਵਿਚ ਵਾਸੂਦੇਵ ਅਸਰਾਨੀ ਕਤਲ ਮਾਮਲੇ ਦੀ ਐੱਫ਼.ਆਈ.ਆਰ. ਵਿਚ ਵੀ ਜੱਗੇ ਦਾ ਨਾਂ ਸ਼ਾਮਲ ਹੈ।
ਸਤੰਬਰ 2017 ‘ਚ ਜ਼ਮਾਨਤ ਮਿਲਣ ਮਗਰੋਂ ਉਹ ਦੁਬਈ ਫਰਾਰ ਹੋ ਗਿਆ, ਜਿਥੋਂ ਵੱਖ-ਵੱਖ ਮੁਲਕਾਂ ਰਾਹੀਂ ਹੁੰਦਾ ਹੋਇਆ ਤਿੰਨ ਸਾਲ ਪਹਿਲਾਂ ਅਮਰੀਕਾ ਪੁੱਜਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਆਈਸ ਵੱਲੋਂ ਗੋਲਡੀ ਬਰਾੜ ਦੇ ਸਾਥੀ ਅਮਿਤ ਸ਼ਰਮਾ ਉਰਫ਼ ਜੈਕ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਐਕਸਟੌਰਸ਼ਨ ਤੋਂ ਲੈ ਕੇ ਕਤਲ ਦੀ ਸਾਜ਼ਿਸ਼ ਤੱਕ ਕਈ ਮਾਮਲਿਆਂ ‘ਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ।