#INDIA

ਜਲਦ ਹੀ ਪੂਰੇ ਦੇਸ਼ ‘ਚ ਸੋਨੇ ਦੇ ਮੁੱਲ ‘ਤੇ ਲਾਗੂ ਹੋਵੇਗੀ ਨਵੀਂ ਪਾਲਿਸੀ!

‘ਵਨ ਨੇਸ਼ਨ, ਵਨ ਰੇਟ’ ਪਾਲਿਸੀ ਤਹਿਤ ਪੂਰੇ ਦੇਸ਼ ‘ਚ ਇਕ ਹੀ ਹੋਵੇਗਾ ਸੋਨੇ ਦਾ ਮੁੱਲ
ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੀ ਵੱਖ-ਵੱਖ ਹੁੰਦੀਆਂ ਹਨ। ਸੋਨੇ ਅਤੇ ਚਾਂਦੀ ਦੇ ਰੇਟ ‘ਤੇ ਹਰ ਸੂਬੇ ਦੇ ਵੱਖ-ਵੱਖ ਟੈਕਸਾਂ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜੋੜੀਆਂ ਜਾਂਦੀਆਂ ਹਨ। ਇਸ ਦੇ ਕਾਰਨ ਹਰ ਸੂਬੇ ‘ਚ ਇਨ੍ਹਾਂ ਕੀਮਤੀ ਧਾਤੂਆਂ ਦੀ ਕੀਮਤ ਵੀ ਵੱਖ ਹੋ ਜਾਂਦੀ ਹੈ।
ਹੁਣ ਦੇਸ਼ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਛੇਤੀ ਹੀ ਪੂਰੇ ਦੇਸ਼ ‘ਚ ‘ਵਨ ਨੇਸ਼ਨ, ਵਨ ਰੇਟ’ ਪਾਲਿਸੀ ਲਾਗੂ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਤੁਸੀਂ ਦੇਸ਼ ‘ਚ ਕਿਤੇ ਵੀ ਸੋਨਾ ਖਰੀਦੋ, ਤੁਹਾਨੂੰ ਰੇਟ ਇਕ ਹੀ ਮਿਲੇਗਾ। ਅਜਿਹਾ ਹੋਣ ‘ਤੇ ਸੋਨੇ ਦੇ ਕਾਰੋਬਾਰੀਆਂ ਅਤੇ ਜਿਊਲਰਾਂ ਨੂੰ ਵੀ ਸੌਖ ਹੋ ਜਾਵੇਗੀ। ਇਸ ਨੂੰ ਲਾਗੂ ਕਰਨ ਲਈ ਪੂਰੇ ਦੇਸ਼ ਦੇ ਸਾਰੇ ਵੱਡੇ ਜਿਊਲਰਜ਼ ਵੀ ਸਹਿਮਤ ਹੋ ਗਏ ਹਨ।
ਸੋਨੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਿਆਂਦੀ ਜਾ ਰਹੀ ‘ਵਨ ਨੇਸ਼ਨ, ਵਨ ਰੇਟ’ ਪਾਲਿਸੀ ਨੂੰ ਜੈੱਮ ਅਤੇ ਜਿਊਲਰੀ ਕੌਂਸਲ (ਜੀ.ਜੇ.ਸੀ.) ਨੇ ਵੀ ਸਮਰਥਨ ਦਿੱਤਾ ਹੈ। ਇਸ ਦਾ ਮਕਸਦ ਪੂਰੇ ਦੇਸ਼ ‘ਚ ਸੋਨੇ ਦੀਆਂ ਇਕ ਜਿਹੀਆਂ ਕੀਮਤਾਂ ਤੈਅ ਕਰਨਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਤੰਬਰ 2024 ‘ਚ ਹੋਣ ਵਾਲੀ ਬੈਠਕ ‘ਚ ਇਸ ‘ਤੇ ਅਧਿਕਾਰਤ ਐਲਾਨ ਹੋ ਸਕਦਾ ਹੈ। ਹਾਲਾਂਕਿ ਇਸ ਪਾਲਿਸੀ ਨੂੰ ਲਾਗੂ ਕਰਨ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਨ ਲਈ ਗੋਲਡ ਇੰਡਸਟ੍ਰੀ ਨਵੀਂ ਯੋਜਨਾ ਬਣਾ ਰਹੀ ਹੈ।
ਕੇਂਦਰ ਸਰਕਾਰ ਇਸ ਯੋਜਨਾ ਦੇ ਤਹਿਤ ਪੂਰੇ ਦੇਸ਼ ‘ਚ ਸੋਨੇ ਦੀਆਂ ਕੀਮਤਾਂ ਨੂੰ ਬਰਾਬਰ ਕਰਨਾ ਚਾਹੁੰਦੀ ਹੈ। ਇਹ ਪਾਲਿਸੀ ਲਾਗੂ ਹੋਣ ਤੋਂ ਬਾਅਦ ਤੁਸੀਂ ਦਿੱਲੀ, ਮੁੰਬਈ, ਚੇਨਈ ਜਾਂ ਕੋਲਕਾਤਾ ਵਰਗੇ ਮੈਟਰੋ ਸ਼ਹਿਰ ‘ਚੋਂ ਜਾਂ ਕਿਸੇ ਛੋਟੇ ਸ਼ਹਿਰ ‘ਚੋਂ ਸੋਨਾ ਖਰੀਦੋ, ਤੁਹਾਨੂੰ ਕੀਮਤ ਇਕ ਹੀ ਦੇਣੀ ਪਵੇਗੀ। ਇਸ ਪਾਲਿਸੀ ਦੇ ਤਹਿਤ ਸਰਕਾਰ ਨੈਸ਼ਨਲ ਬੁਲੀਅਨ ਐਕਸਚੇਂਜ ਬਣਾਏਗੀ, ਜੋ ਹਰ ਜਗ੍ਹਾ ਸੋਨੇ ਦੀਆਂ ਬਰਾਬਰ ਕੀਮਤਾਂ ਤੈਅ ਕਰੇਗੀ। ਨਾਲ ਹੀ ਜਿਊਲਰਜ਼ ਨੂੰ ਇਸੇ ਕੀਮਤ ‘ਤੇ ਸੋਨਾ ਵੇਚਣਾ ਪਵੇਗਾ।
ਇਹ ਪਾਲਿਸੀ ਲਾਗੂ ਹੋਣ ਨਾਲ ਬਾਜ਼ਾਰ ‘ਚ ਟ੍ਰਾਂਸਪੇਰੈਂਸੀ ਵਧੇਗੀ। ਸੋਨੇ ਦੀਆਂ ਕੀਮਤਾਂ ਚ ਡਿਫਰੈਂਸ ਹੋਣ ਦੇ ਕਾਰਨ ਇਸ ਦੀਆਂ ਕੀਮਤਾਂ ‘ਚ ਵੀ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਹੁਣ ਜੋ ਜਿਊਲਰਜ਼ ਸੋਨਾ ਵੇਚਣ ‘ਤੇ ਕਈ ਵਾਰ ਮਨਮਾਨੀ ਕੀਮਤ ਵਸੂਲਦੇ ਹਨ, ਉਸ ‘ਤੇ ਵੀ ਲਗਾਮ ਲੱਗੇਗੀ।
ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਫਿਲਹਾਲ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 74,000 ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਹੈ।
ਮੌਜੂਦਾ ਸਮੇਂ ‘ਚ ਸੋਨੇ ਦੀ ਕੀਮਤ ਸਰਾਫਾ ਬਾਜ਼ਾਰ ਦੀ ਐਸੋਸੀਏਸ਼ਨ ਵਲੋਂ ਤੈਅ ਕੀਤੀ ਜਾਂਦੀ ਹੈ, ਜੋ ਹਰ ਸ਼ਹਿਰ ਲਈ ਵੱਖ-ਵੱਖ ਹੁੰਦੀ ਹੈ। ਆਮ ਤੌਰ ‘ਤੇ ਹਰ ਇਕ ਸਰਾਫਾ ਬਾਜ਼ਾਰ ਆਪਣੇ-ਆਪਣੇ ਸ਼ਹਿਰ ਦੀ ਕੀਮਤ ਸ਼ਾਮ ਦੇ ਸਮੇਂ ਜਾਰੀ ਕਰਦਾ ਹੈ। ਪੈਟਰੋਲ-ਡੀਜ਼ਲ ਦੀ ਤਰਜ ‘ਤੇ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਵੀ ਹਰ ਰੋਜ਼ ਤੈਅ ਕੀਤੀਆਂ ਜਾਂਦੀਆਂ ਹਨ। ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਲੋਬਲ ਸੈਂਟੀਮੈਂਟਸ ਦਾ ਵੀ ਮਹੱਤਵਪੂਰਨ ਰੋਲ ਹੁੰਦਾ ਹੈ। ਕੌਮਾਂਤਰੀ ਬਾਜ਼ਾਰਾਂ ਦੀਆਂ ਕੀਮਤਾਂ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ ਹੁੰਦਾ ਹੈ।