#PUNJAB

ਜਥੇਦਾਰ ਅਕਾਲ ਤਖਤ ਵੱਲੋਂ ਰਾਜੋਆਣਾ ਦੀ ਰਿਹਾਈ ਲਈ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ

ਰਾਜੋਆਣਾ ਵੱਲੋਂ ਕੇਸ ਦਾ ਜਲਦੀ ਨਿਬੇੜਾ ਕਰਵਾਉਣ ‘ਤੇ ਜ਼ੋਰ
ਪਟਿਆਲਾ, 5 ਜੂਨ (ਪੰਜਾਬ ਮੇਲ)- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਰਾਜੋਆਣਾ ਦੀ ਰਿਹਾਈ ਲਈ ਖਾਲਸਾ ਪੰਥ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਦੱਸਿਆ ਕਿ ਰਾਜੋਆਣਾ ਨੇ ਫਾਂਸੀ ਸਬੰਧੀ ਕੇਸ ਦਾ ਜਲਦੀ ਨਿਬੇੜਾ ਕਰਵਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਆਪਣੇ ਸੁਨੇਹੇ ਵਿਚ ਸਿੱਖ ਸੰਗਤ ਤੇ ਪੰਥ ਨੂੰ ਕੌਮ ਦੇ ਕੌਮੀ ਦਿਹਾੜਿਆਂ ਨੂੰ ਰਲ-ਮਿਲ ਕੇ ਪੰਥਕ ਰਵਾਇਤਾਂ ਅਤੇ ਮਰਿਆਦਾ ਅਨੁਸਾਰ ਮਨਾਉਣ ਤੇ ਅਕਾਲ ਤਖ਼ਤ ਦਾ ਸਤਿਕਾਰ ਕਾਇਮ ਰੱਖਣ ‘ਤੇ ਵੀ ਜ਼ੋਰ ਦਿੱਤਾ। ਰਾਜੋਆਣਾ ਨਾਲ ਮੁਲਾਕਾਤ ਕਰਨ ਗਏ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਐਗਜ਼ੈਕੇਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਮੈਂਬਰ ਜਸਮੇਰ ਸਿੰਘ ਲਾਛੜੂ ਦੇ ਨਾਲ-ਨਾਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਦੇਗ ਲੈ ਕੇ ਪੁੱਜੇ ਮੈਨੇਜਰ ਭਾਗ ਸਿੰਘ ਚੌਹਾਨ ਤੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਸ਼ਾਮਲ ਸਨ। ਇਸ ਮੌਕੇ ਰਾਜੋਆਣਾ ਨੇ ਫਾਂਸੀ ਸਬੰਧੀ ਕੇਸ ਦਾ ਜਲਦੀ ਨਿਬੇੜਾ ਕਰਵਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ 30 ਸਾਲਾਂ ਤੋਂ ਜੇਲ੍ਹ ਵਿਚ ਰਹਿ ਕੇ ਤਿਲ-ਤਿਲ ਮਰ ਰਹੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਮੁੱਚਾ ਸਿੱਖ ਪੰਥ ਉਨ੍ਹਾਂ ਦੀ ਰਿਹਾਈ ਦੇ ਕਾਰਜ ਲਈ ਮਿਸ਼ਨ ਵਜੋਂ ਕੰਮ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ। ਉਨ੍ਹਾਂ ਕਿ 6 ਜੂਨ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਣਾ ਹੈ, ਉੱਥੇ ਹੀ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖ਼ਤ ਦੇ ਅਦਬ ਤੇ ਸਤਿਕਾਰ ਪ੍ਰਤੀ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰੇ। ਉਨ੍ਹਾਂ ਹਰਿਮੰਦਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਮੰਦਭਾਗਾ ਕਰਾਰ ਦਿੱਤਾ।

ਵਾਪਸ ਨਹੀਂ ਲਈ ਜਾਵੇਗੀ ਰਹਿਮ ਦੀ ਅਪੀਲ : ਗੜ੍ਹੀ
ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਰਾਜੋਆਣਾ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਰਹਿਮ ਦੀ ਅਪੀਲ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਦੌਰਾਨ ਰਾਜੋਆਣਾ ਨੇ ਕਮੇਟੀ ਵੱਲੋਂ ਪਾਈ ਗਈ ਰਹਿਮ ਦੀ ਅਪੀਲ ਵਾਪਸ ਲੈਣ ‘ਤੇ ਜ਼ੋਰ ਦਿੱਤਾ ਸੀ, ਪਰ ਵਿਦਵਾਨਾਂ ਤੇ ਹੋਰਨਾਂ ਨਾਲ ਕੀਤੇ ਗਏ ਸਲਾਹ-ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਵਾਪਸ ਲੈਣ ਦੀ ਜਗ੍ਹਾ, ਇਸ ਦਾ ਜਲਦੀ ਨਿਬੇੜਾ ਕਰਵਾਉਣ ਦਾ ਫ਼ੈਸਲਾ ਲਿਆ ਹੈ।