#AMERICA

ਜਗਮੀਤ ਸਿੰਘ ਵੱਲੋਂ ਆਰ.ਐੱਸ.ਐੱਸ. ‘ਤੇ ਪਾਬੰਦੀ ਤੇ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਐੱਨ.ਡੀ.ਪੀ. ਆਗੂ ਨੇ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਲਾਏ ਦੋਸ਼ਾਂ ਨੂੰ ਗੰਭੀਰ ਦੱਸਿਆ
ਵਾਸ਼ਿੰਗਟਨ, 17 ਅਕਤੂਬਰ (ਪੰਜਾਬ ਮੇਲ)-ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਵੱਲੋਂ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਕਥਿਤ ਕੁਝ ਭਾਰਤੀ ਕੂਟਨੀਤਿਕਾਂ ਦੀ ਸ਼ਮੂਲੀਅਤ ਦੇ ਦਾਅਵਿਆਂ ਤੋਂ ਇਕ ਦਿਨ ਮਗਰੋਂ ਕੈਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਨੇ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਭਾਰਤੀ ਡਿਪਲੋਮੈਟਾਂ ਖਿਲਾਫ਼ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਨਿਊ ਡੈਮੋਕਰੈਟਿਕ ਪਾਰਟੀ (ਐੱਨ.ਡੀ.ਪੀ.) ਆਗੂ ਜਗਮੀਤ ਸਿੰਘ ਨੇ ਬੀਤੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਸਰਕਾਰ ਦੀ ਹਮਾਇਤ ਕੀਤੀ ਸੀ। ਐੱਨ.ਡੀ.ਪੀ. ਆਗੂ, ਜੋ ਖਾਲਿਸਤਾਨ ਪੱਖੀ ਸਟੈਂਡ ਲਈ ਮਕਬੂਲ ਹੈ, ਨੇ ਓਟਵਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਸੁਰੱਖਿਆ ਕਮੇਟੀ ਨਾਲ ਹੰਗਾਮੀ ਬੈਠਕ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੀਟਿੰਗ ਇਹ ਸਮਝਣ ਲਈ ਜ਼ਰੂਰੀ ਹੈ ਕਿ ਕੈਨੇਡੀਅਨਾਂ ਦੀ ਸੁਰੱਖਿਆ ਲਈ ਉਹ ਹੋਰ ਕਿਹੜੇ ਕਦਮ ਚੁੱਕ ਸਕਦੇ ਹਨ। ਸਿੰਘ ਨੇ ਕਿਹਾ, ”ਅਸੀਂ ਮੰਗ ਕਰਦੇ ਹਾਂ ਕਿ ਲਿਬਰਲ ਸਰਕਾਰ ਭਾਰਤੀ ਡਿਪਲੋਮੈਟਾਂ ‘ਤੇ ਸਖ਼ਤ ਪਾਬੰਦੀਆਂ ਲਾਵੇ ਤੇ ਆਰ.ਐੱਸ.ਐੱਸ., ਜੋ ਭਾਰਤ ਦੀ ਹਿੰਸਕ, ਅੱਤਵਾਦੀ, ਦਹਿਸ਼ਤੀ ਜਥੇਬੰਦੀ ਹੈ, ਨੂੰ ਦੇਸ਼ ‘ਚੋਂ ਬਾਹਰ ਕੱਢੇ। ਇਹ ਉਹ ਸਮੂਹ ਹੈ, ਜੋ ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚੋਂ ਵੀ ਆਪਣੀਆਂ ਸਰਗਰਮੀਆਂ ਚਲਾ ਰਿਹਾ ਹੈ।”