ਕੈਨੇਡਾ, 4 ਮਈ (ਪੰਜਾਬ ਮੇਲ)- ਕੈਨੇਡਾ ਦੇ ਵੱਡੇ ਸਿੱਖ ਨੇਤਾ ਜਗਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਜਗਮੀਤ ਸਿੰਘ ਪਹਿਲਾਂ ਵੀ ਭਾਰਤ ‘ਤੇ ਦੋਸ਼ ਲਗਾ ਚੁੱਕੇ ਹਨ। ਇਕ ਪਾਸੇ ਜਗਮੀਤ ਸਿੰਘ ਭਾਰਤ ‘ਤੇ ਦੋਸ਼ ਲਗਾ ਰਹੇ ਹਨ, ਜਦਕਿ ਦੂਜੇ ਪਾਸੇ ਕੈਨੇਡਾ ਦੀ ਪੁਲੀਸ ਹਾਲੇ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਨਿੱਝਰ ਦੇ ਕਤਲ ‘ਚ ਭਾਰਤ ਦਾ ਹੱਥ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ ‘ਚ ਜਗਮੀਤ ਸਿੰਘ ਨੇ ਲਿਖਿਆ,‘ਭਾਰਤ ਸਰਕਾਰ ਨੇ ਕਾਤਲਾਂ ਦੀ ਮਦਦ ਨਾਲ ਕੈਨੇਡੀਅਨ ਨਾਗਰਿਕ ਦਾ ਕੈਨੇਡਾ ਦੀ ਧਰਤੀ ‘ਤੇ ਕਤਲ ਕਰਵਾ ਦਿੱਤਾ, ਉਹ ਵੀ ਧਾਰਮਿਕ ਸਥਾਨ ’ਤੇ। ਅੱਜ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇ ਕੋਈ ਭਾਰਤੀ ਏਜੰਟ ਜਾਂ ਭਾਰਤ ਸਰਕਾਰ ਦਾ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਕੈਨੇਡਾ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿੱਚ ਜਮਹੂਰੀਅਤ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਇਨਸਾਫ਼ ਮਿਲਣਾ ਜ਼ਰੂਰੀ ਹੈ।’