#INDIA

ਜਗਦੀਸ਼ ਝੀਂਡਾ ਵੱਲੋਂ ਅਸਤੀਫ਼ਾ ਵਾਪਸ ਲੈਣ ਦਾ ਫ਼ੈਸਲਾ

ਸਿਰਸਾ, 20 ਜਨਵਰੀ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੀਆਂ ਚੋਣਾਂ ਜਿੱਤਣ ਵਾਲੇ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਝੀਂਡਾ ਨੇ ਕਿਹਾ, ਮੇਰੇ ਅਸਤੀਫ਼ਾ ਦੇਣ ਦੇ ਫ਼ੈਸਲੇ ਤੋਂ ਕੌਮ ਨੂੰ ਦੁੱਖ ਹੋਇਆ, ਇਸ ਲਈ ਮੈਂ ਅਸਤੀਫ਼ਾ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਅਸੀਂ ਸਾਰੇ ਮਿਲ ਕੇ ਗੁਰੂ ਘਰ ਦੇ ਸੰਘਰਸ਼ ਦੀ ਲੜਾਈ ਲੜਾਂਗੇ। ਦੱਸ ਦੇਈਏ ਕਿ ਐੱਚ.ਐੱਸ.ਜੀ.ਐੱਮ.ਸੀ. ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਸਨ, ਜਿਸ ਵਿਚ ਝੀਂਡਾ 1900 ਵੋਟਾਂ ਨਾਲ ਜਿੱਤੇ ਸਨ। ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ । ਉਨ੍ਹਾਂ ਨੂੰ 2022 ‘ਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਝੀਂਡਾ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ, ਅਸਤੀਫ਼ਾ ਦੇਣ ਦੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਝੀਂਡਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਮੂਹ ਦੇ 21 ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਸਿਰਫ਼ 9 ਹੀ ਜਿੱਤ ਸਕੇ, ਜਿਸ ਕਾਰਨ ਉਹ ਨਾਰਾਜ਼ ਸਨ ਅਤੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਮੰਨਿਆ ਕਿ ਭਾਈਚਾਰੇ ਨੇ ਉਮੀਦ ਅਨੁਸਾਰ ਉਸਦੇ ਸੰਘਰਸ਼ ਦਾ ਸਮਰਥਨ ਨਹੀਂ ਕੀਤਾ, ਜਿਸ ਕਾਰਨ ਉਹ ਹੁਣ ਆਪਣੇ ਆਪ ਨੂੰ ਇਸ ਅਹੁਦੇ ਦੇ ਯੋਗ ਨਹੀਂ ਸਮਝਦੇ। ਉਨ੍ਹਾਂ ਨੇ ਪੰਥਕ ਦਲ ਦੇ ਬੈਨਰ ਹੇਠ ਚੋਣ ਜਿੱਤੀ ਸੀ।