#INDIA

ਚੱਕਰਵਾਤੀ ਤੂਫਾਨ ਕਾਰਨ ਤਾਮਿਲਨਾਡੂ ‘ਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

-ਸਕੂਲ ਅੱਜ ਬੰਦ ਰਹਿਣਗੇ ; ਕਈ ਰੇਲ ਗੱਡੀਆਂ ਤੇ ਉਡਾਣਾਂ ਰੱਦ; ਤੂਫਾਨ ਦੇ ਅੱਜ ਆਂਧਰਾ ਤੱਟ ਨਾਲ ਟਕਰਾਉਣ ਦੀ ਸੰਭਾਵਨਾ
ਚੇਨੱਈ, 4 ਦਸੰਬਰ (ਪੰਜਾਬ ਮੇਲ)- ਚੱਕਰਵਾਤੀ ਤੂਫਾਨ ‘ਮਿਚੌਂਗ’ ਦੇ ਪ੍ਰਭਾਵ ਨਾਲ ਚੇਨੱਈ ਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਅੱਜ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਲਗਾਤਾਰ ਬਾਰਿਸ਼ ਕਾਰਨ ਚੇਨੱਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ 2015 ਵਰਗਾ ਹੜ੍ਹ ਮੁੜ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ ਤੇ ਇੰਟਰਨੈੱਟ ਸੇਵਾ ‘ਚ ਵੀ ਅੜਿੱਕਾ ਪਿਆ। ਤੂਫਾਨ ਕਾਰਨ ਪੁੱਡੂਚੇਰੀ ਵਿਚ ਵੀ ਜ਼ੋਰਦਾਰ ਮੀਂਹ ਪੈ ਰਿਹਾ ਹੈ।
‘ਮਿਚੌਂਗ’ ਦੇ ਭਲਕੇ ਦੁਪਹਿਰੇ ਆਂਧਰਾ ਪ੍ਰਦੇਸ਼ ਦੇ ਸਮੁੰਦਰ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਆਂਧਰਾ ਸਰਕਾਰ ਨੇ 8 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਖਰਾਬ ਮੌਸਮ ਕਾਰਨ ਕਈ ਰੇਲਗੱਡੀਆਂ ਤੇ ਉਡਾਣਾਂ ਰੱਦ ਹੋ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਦੱਖਣੀ ਆਂਧਰਾ ਪ੍ਰਦੇਸ਼ ਤੇ ਉੱਤਰੀ ਤਾਮਿਲਨਾਡੂ ਤੱਟਾਂ ਦੇ ਨਾਲ ਬੰਗਾਲ ਦੀ ਦੱਖਣ-ਪੱਛਮੀ ਖਾੜੀ ਉਤੇ ਕੇਂਦਰਿਤ ਹੈ ਤੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ ਸਰਕਾਰ ਨੇ ਚੇਨੱਈ, ਤਿਰੂਵਲੂਰ, ਕਾਂਚੀਪੁਰਮ ਤੇ ਚੇਂਗਲਪੱਟੂ ਜ਼ਿਲ੍ਹਿਆਂ ‘ਚ ਭਲਕੇ ਸਾਰੀਆਂ ਸਿੱਖਿਆ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਵਿੱਤੀ ਸੰਸਥਾਵਾਂ ਤੇ ਬੈਂਕਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੇਨੱਈ ਹਵਾਈ ਅੱਡੇ ਨੂੰ ਸਵੇਰੇ 9.40 ਤੋਂ ਰਾਤ 11 ਵਜੇ ਤੱਕ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਉਤੇ ਆਉਣ-ਜਾਣ ਵਾਲੀਆਂ ਕਰੀਬ 70 ਉਡਾਣਾਂ ਰੱਦ ਹੋ ਗਈਆਂ। ਰਨਵੇਅ ਬੰਦ ਹੋਣ ਕਾਰਨ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਹੈ।