#CANADA

ਚੰਦਰ ਆਰੀਆ ਸੰਸਦੀ ਉਮੀਦਵਾਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ

ਵੈਨਕੂਵਰ, 24 ਮਾਰਚ (ਪੰਜਾਬ ਮੇਲ)- ਕੈਨੇਡਾ ਦੀ ਲਿਬਰਲ ਪਾਰਟੀ ਨੇ ਆਉਂਦੀਆਂ ਸੰਸਦੀ ਚੋਣਾਂ ਲਈ ਐਲਾਨੇ ਜਾ ਰਹੇ ਉਮੀਦਵਾਰਾਂ ਦੀ ਸੂਚੀ ‘ਚੋਂ ਨੇਪੀਅਨ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਚੰਦਰ ਆਰੀਆ ਨੂੰ ਬਾਹਰ ਕਰ ਦਿੱਤਾ ਹੈ। ਜਨਵਰੀ ‘ਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਚੰਦਰ ਆਰੀਆ ਨੇ ਵੀ ਨਾਮਜ਼ਦਗੀ ਭਰੀ ਸੀ, ਜਿਸ ਨੂੰ ਕਈ ਖਾਮੀਆਂ ਕਾਰਨ ਰੱਦ ਕਰ ਦਿੱਤਾ ਗਿਆ ਸੀ। ਡੇਢ ਸਾਲ ਪਹਿਲਾਂ ਜਦੋਂ ਕੈਨੇਡਾ ਸੰਸਦੀ ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਸ਼ੁਰੂ ਹੋਈ, ਤਾਂ ਚੰਦਰ ਆਰੀਆ ਦਾ ਨਾਮ ਵੀ ਇਸ ਵਿਚ ਆਉਂਦਾ ਰਿਹਾ ਹੈ। ਉਨ੍ਹਾਂ ਵੱਲੋਂ ਸੰਸਦ ‘ਚ ਹਰ ਉਸ ਗੱਲ ਦਾ ਵਿਰੋਧ ਕੀਤਾ ਜਾਂਦਾ ਰਿਹਾ, ਜਿਸ ਵਿਚ ਭਾਰਤ ਦਾ ਨਾਂ ਜੁੜਦਾ ਹੋਵੇ। ਪਿਛਲੇ ਸਾਲ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਜਦੋਂ 1985 ਦੇ ਕਨਿਸ਼ਕ ਜਹਾਜ਼ ਹਾਦਸੇ ਦੀ ਮੁੜ ਤੋਂ ਜਾਂਚ ਦੀ ਮੰਗ ਕੀਤੀ ਸੀ, ਤਾਂ ਚੰਦਰ ਆਰੀਆ ਨੇ ਇਸ ਦਾ ਵਿਰੋਧ ਕੀਤਾ, ਜਿਸ ਮਗਰੋਂ ਉਹ ਮੁੜ ਸ਼ੱਕ ਦੇ ਘੇਰੇ ਵਿਚ ਆ ਗਏ ਸਨ। ਉਨ੍ਹਾਂ ਬਾਰੇ ਪਾਰਟੀ ਦੇ ਅੰਦਰੂਨੀ ਭੇਤ ਜਨਤਕ ਕਰਨ ਦੀ ਚਰਚਾ ਵੀ ਹੁੰਦੀ ਰਹੀ ਹੈ।