ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਮੇਲ)- ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫਤਰ ਦੇ ਬਾਹਰ ਧਮਾਕੇ ਦੇ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਨੇ ਇਸ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗਰੇਨੇਡ ਤੇ ਹਥਿਆਰਾਂ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਹ ਅਪਰੇਸ਼ਨ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਦੌਰਾਨ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲੱਗੀਆਂ ਹੋਈਆਂ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ‘ਚ ਬਲਵਿੰਦਰ ਲਾਲ ਉਰਫ ਸ਼ਮੀ, ਜਸਵੀਰ ਸਿੰਘ ਉਰਫ ਜੱਸੀ, ਚਰਨਜੀਤ ਸਿੰਘ ਉਰਫ ਚੰਨੀ, ਰੂਬਲ ਚੌਹਾਨ ਤੇ ਮਨਦੀਪ ਉਰਫ ਅਭਿਜੋਤ ਸ਼ਰਮਾ ਸ਼ਾਮਲ ਹਨ। ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਗੁਰਤੇਜ ਸਿੰਘ ਤੇ ਅਮਨਪ੍ਰੀਤ ਸਿੰਘ ਹਾਲੇ ਫਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।
ਡੀ.ਜੀ.ਪੀ. ਨੇ ਕਿਹਾ ਕਿ ਪਾਕਿਸਤਾਨ ਦੀ ਆਈ.ਐੱਸ.ਆਈ. ਪੰਜਾਬ ‘ਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਿਦੇਸ਼ ਦੇ ਪੁਰਤਗਾਲ ਤੇ ਜਰਮਨੀ ਰਹਿੰਦੇ ਹੈਂਡਲਰਾਂ ਵਲੋਂ ਇਹ ਨੈਟਵਰਕ ਚਲਾਇਆ ਜਾ ਰਿਹਾ ਸੀ।
ਚੰਡੀਗੜ੍ਹ ਦੇ ਸੈਕਟਰ 37 ਵਿਚ ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਪਹਿਲੀ ਅਪ੍ਰੈਲ ਨੂੰ ਧਮਾਕਾ ਹੋਇਆ ਸੀ। ਇਹ ਧਮਾਕਾ ਬੁੱਧਵਾਰ ਨੂੰ ਸ਼ਾਮ 5:30 ਵਜੇ ਦੇ ਕਰੀਬ ਹੋਇਆ ਸੀ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਭਾਜਪਾ ਦਫਤਰ ਦੇ ਬਾਹਰ ਖੜੀਆਂ ਕਈ ਗੱਡੀਆਂ ‘ਤੇ ਮਾਮੂਲੀ ਨਿਸ਼ਾਨ ਪੈ ਗਏ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦਾ ਦਫਤਰ ਚੰਡੀਗੜ੍ਹ ਦੇ ਸੈਕਟਰ 37 ਵਿਖੇ ਸਥਿਤ ਹੈ। ਇਸ ਦੇ ਨਾਲ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ, ਪੈਟਰੋਲ ਪੰਪ ਅਤੇ ਹੋਰ ਕਈ ਵੱਡੇ ਦਫਤਰ ਸਥਿਤ ਹਨ। ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਕੰਪਨੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੇ ਵੀ ਮੌਕੇ ‘ਤੇ ਮੋਰਚਾ ਸਾਂਭ ਲਿਆ ਸੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਸੀ।
ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ ਸੀ। ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਬੱਬਰ ਨੇ ਚੰਡੀਗੜ੍ਹ ਦੇ ਸੈਕਟਰ 37 ਵਿਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ।
ਚੰਡੀਗੜ੍ਹ ਸਥਿਤ ਬੀ.ਜੇ.ਪੀ. ਦਫਤਰ ਦੇ ਬਾਹਰ ਧਮਾਕੇ ਦੇ ਮਾਮਲੇ ‘ਚ 5 ਕਾਬੂ

