ਚੰਡੀਗੜ੍ਹ, 20 ਜੂਨ (ਪੰਜਾਬ ਮੇਲ)- ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਕਰੀਬ ਹਫ਼ਤੇ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਹੈ। ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ। ਬੁੱਧਵਾਰ ਸਵੇਰੇ 4.50 ਵਜੇ ਏਅਰਪੋਰਟ ਅਥਾਰਟੀ ਨੂੰ ਧਮਕੀ ਭਰੀ ਈ-ਮੇਲ ਮਿਲੀ ਸੀ। ਈ-ਮੇਲ ’ਚ ਬੈਗ ਦੇ ਅੰਦਰ ਉਪਕਰਨ ਲੁਕੇ ਹੋਣ ਦੀ ਗੱਲ ਕਹੀ ਗਈ ਸੀ। ਦੋ ਬੰਬਾਂ ਦਾ ਜ਼ਿਕਰ ਕੀਤਾ ਗਿਆ ਸੀ। ਮੋਹਾਲੀ ਪੁਲਸ ਤੇ ਸੀ. ਆਈ. ਐੱਸ. ਐੱਫ. ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਈ-ਮੇਲ ਤੋਂ ਬਾਅਦ ਸੀ. ਆਈ. ਐੱਸ. ਐੱਫ. ਤੇ ਮੋਹਾਲੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਈ-ਮੇਲ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਟੀ ਤੁਰੰਤ ਹਰਕਤ ’ਚ ਆਈ ਤੇ ਫਲਾਈਟ ਆਪਰੇਸ਼ਨ ਬੰਦ ਕਰ ਕੇ ਯਾਤਰੀਆਂ ਦੇ ਨਾਲ-ਨਾਲ ਇਮਾਰਤ ’ਚ ਚੈਕਿੰਗ ਕੀਤੀ ਗਈ। ਯਾਤਰੀਆਂ, ਉਨ੍ਹਾਂ ਦੇ ਸਾਮਾਨ ਅਤੇ ਬੈਗ ਪੈਕ ਦੀ ਜਾਂਚ ਕੀਤੀ ਗਈ। ਇਸ ਕਾਰਨ ਕੁੱਝ ਉਡਾਣਾਂ ਤੈਅ ਸਮੇਂ ਤੋਂ ਲੇਟ ਹੋ ਗਈਆਂ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੁੰਬਈ ਤੋਂ ਦੋ ਜਹਾਜ਼, ਦਿੱਲੀ, ਕੋਲਕਾਤਾ ਤੇ ਅਹਿਮਦਾਬਾਦ ਦੇ ਜਹਾਜ਼ 20 ਤੋਂ 25 ਮਿੰਟ ਦੇਰੀ ਨਾਲ ਉੱਡੇ।