ਇਸ ਸਾਲ ਦੇ ਅੰਤ ਵਿਚ ਹੋਣੀਆਂ ਹਨ ਚੋਣਾਂ
ਲੰਡਨ, 1 ਅਪ੍ਰੈਲ (ਪੰਜਾਬ ਮੇਲ)- ਸਿਵਲ ਸੁਸਾਇਟੀ ਕੰਪੇਨ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਹਾਕਮ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇੱਥੋਂ ਤੱਕ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਉੱਤਰੀ ਯਾਰਕਸ਼ਾਇਰ ਵਿਚੋਂ ਆਪਣੀ ਸੀਟ ਬਚਾਉਣੀ ਮੁਸ਼ਕਲ ਹੋ ਜਾਵੇਗੀ। ਇਹ ਸਰਵੇਖਣ ਬੈਸਟ ਫਾਰ ਬ੍ਰਿਟੇਨ ਵੱਲੋਂ 15,029 ਵਿਅਕਤੀਆਂ ‘ਤੇ ਕੀਤਾ ਗਿਆ, ਜਿਸ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਨੂੰ 45 ਫੀਸਦੀ ਵੋਟ ਸ਼ੇਅਰ ਨਾਲ ਕੰਜ਼ਰਵੇਟਰਾਂ ‘ਤੇ 19 ਅੰਕਾਂ ਨਾਲ ਲੀਡ ਲੈਂਦੇ ਹੋਏ ਦਿਖਾਇਆ ਗਿਆ ਹੈ। ਇਸ ਸਰਵੇਖਣ ਵਿਚ ਹਾਕਮ ਧਿਰ ਨੂੰ ਸੌ ਤੋਂ ਵੱਧ ਸੀਟਾਂ ਹਾਸਲ ਹੋ ਸਕਦੀਆਂ ਹਨ, ਜਦਕਿ ਵਿਰੋਧੀ ਲੇਬਰ ਪਾਰਟੀ 468 ਸੀਟਾਂ ਜਿੱਤ ਸਕਦੀ ਹੈ। ਇਹ ਆਮ ਚੋਣਾਂ ਵਿਚ ਕੰਜ਼ਰਵੇਟਿਵਾਂ ਲਈ ਹੁਣ ਤੱਕ ਦਾ ਸਭ ਤੋਂ ਮਾੜਾ ਨਤੀਜਾ ਸਾਬਤ ਹੋਵੇਗਾ।