#INDIA

ਚੋਣ ਜ਼ਾਬਤੇ ਤੋਂ ਪਹਿਲਾਂ ਅਮਲ ‘ਚ ਆ ਸਕਦਾ ਹੈ C.A.A.

-ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ
ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)-ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਬਿਨਾਂ ਦਸਤਾਵੇਜ਼ ਵਾਲੇ ਗ਼ੈਰ-ਮੁਸਲਿਮ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਨਾਗਰਿਕਤਾ ਦੇਣ ਲਈ ਵਿਵਾਦਤ ਨਾਗਰਿਕਤਾ ਸੋਧ ਐਕਟ (ਸੀ.ਏ.ਏ.), 2019 ਦੇ ਨਿਯਮ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਚੋਣਾਂ ਦਾ ਪ੍ਰੋਗਰਾਮ ਜਾਰੀ ਹੁੰਦਿਆਂ ਹੀ ਆਦਰਸ਼ ਜ਼ਾਬਤਾ ਲਾਗੂ ਹੋ ਜਾਂਦਾ ਹੈ। ਚੋਣ ਪ੍ਰੋਗਰਾਮ ਅਗਲੇ 15 ਦਿਨਾਂ ਅੰਦਰ ਐਲਾਨਿਆ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸੀ.ਏ.ਏ. ਦੇ ਨਿਯਮ ਜਾਰੀ ਕੀਤੇ ਜਾ ਸਕਦੇ ਹਨ। ਜਦੋਂ ਸੀ.ਏ.ਏ. ਦੇ ਨਿਯਮ ਜਾਰੀ ਹੋ ਜਾਣਗੇ, ਤਾਂ ਮੋਦੀ ਸਰਕਾਰ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ 31 ਦਸੰਬਰ 2014 ਤੱਕ ਆਏ ਤਸ਼ੱਦਦ ਦੇ ਸ਼ਿਕਾਰ ਗੈਰ-ਮੁਸਲਿਮ ਪ੍ਰਵਾਸੀਆਂ (ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ ਤੇ ਇਸਾਈਆਂ) ਨੂੰ ਭਾਰਤੀ ਨਾਗਰਿਕਤਾ ਦੇਣੀ ਸ਼ੁਰੂ ਕਰ ਦੇਵੇਗੀ। ਸੀ.ਏ.ਏ. ਦਸੰਬਰ 2019 ‘ਚ ਪਾਸ ਹੋਇਆ ਸੀ ਅਤੇ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵੀ ਮਿਲ ਗਈ ਸੀ। ਇਸ ਨੂੰ ਹਾਲਾਂਕਿ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਇਸ ਨੂੰ ਅਮਲ ‘ਚ ਲਿਆਉਣ ਲਈ ਨਿਯਮ ਜ਼ਰੂਰੀ ਹਨ।