ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਤਹਿਤ ਕਾਂਗਰਸ ਨੇ ਅੱਜ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਹੈ। ਪਾਰਟੀ ਦੇ ਖ਼ਜ਼ਾਨਚੀ ਅਜੈ ਮਾਕਨ ਨੂੰ ਇਸ ਦਾ ਕਨਵੀਨਰ ਤੇ ਜਨਰਲ ਸਕੱਤਰਾਂ- ਜੈਰਾਮ ਰਮੇਸ਼ ਅਤੇ ਕੇ.ਸੀ. ਵੇਣੂਗੋਪਾਲ ਨੂੰ ਇਸ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਆਮ ਚੋਣਾਂ ਲਈ ‘ਸੈਂਟਰਲ ਵਾਰ ਰੂਮ’ ਦਾ ਵੀ ਗਠਨ ਕੀਤਾ ਹੈ ਤੇ ਵੈਭਵ ਵਾਲੀਆ ਨੂੰ ਸੰਚਾਰ ‘ਵਾਰ ਰੂਮ’, ਜਦਕਿ ਸ਼ਸ਼ੀਕਾਂਤ ਸੇਂਥਿਲ ਐੱਸ. ਨੂੰ ਜਥੇਬੰਦਕ ‘ਵਾਰ ਰੂਮ’ ਦਾ ਮੁਖੀ ਬਣਾਇਆ ਗਿਆ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਵਰੁਣ ਸੰਤੋਸ਼, ਗੋਕੁਲ ਬੁਟੇਲ, ਨਵੀਨ ਸ਼ਰਮਾ ਤੇ ਕੈਪਟਨ ਅਰਵਿੰਦ ਕੁਮਾਰ ਜਥੇਬੰਦਕ ‘ਵਾਰ ਰੂਮ’ ਦੇ ਉਪ-ਚੇਅਰਮੈਨ ਹੋਣਗੇ। ਪ੍ਰਚਾਰ ਕਮੇਟੀ ਦਾ ਗਠਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤਾ ਹੈ। ਵੇਣੂਗੋਪਾਲ ਤੇ ਰਮੇਸ਼ ਤੋਂ ਇਲਾਵਾ ਇਸ ਵਿਚ ਗੁਰਦੀਪ ਸਿੰਘ ਸੱਪਲ, ਪਵਨ ਖੇੜਾ ਤੇ ਸੁਪ੍ਰਿਆ ਸ੍ਰੀਨੇਤ ਵੀ ਸ਼ਾਮਲ ਹੋਣਗੇ, ਜੋ ਕਿ ਕਾਂਗਰਸ ਦੀਆਂ ਵੱਖ-ਵੱਖ ਇਕਾਈਆਂ ਦੇ ਮੁਖੀ ਹਨ।