#INDIA

ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਨੇ ਈ.ਵੀ.ਐੱਮ.-ਵੀ.ਵੀ.ਪੈਟ ਮੁੱਦੇ ‘ਤੇ Election Commission ਦਾ ਦਰਵਾਜ਼ਾ ਖੜਕਾਇਆ

ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਆਈ.ਐੱਨ.ਡੀ.ਆਈ.ਏ. ਨੇ ਈ.ਵੀ.ਐੱਮ.-ਵੀ.ਵੀ.ਪੈਟ ਨਾਲ ਸਬੰਧਤ ਆਪਣੇ ਕੁਝ ਸਵਾਲਾਂ ਦਾ ਸਪੱਸ਼ਟੀਕਰਨ ਹਾਸਲ ਕਰਨ ਲਈ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਕਾਂਗਰਸ ਦੇ ਸੰਚਾਰ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਪਾਰਦਰਸ਼ਤਾ ਬਾਰੇ ਕੁਝ ਸਵਾਲ ਹਨ, ਜਿਨ੍ਹਾਂ ‘ਤੇ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। ਲਿਹਾਜ਼ਾ ਆਈ.ਐੱਨ.ਡੀ.ਆਈ.ਏ. ਦੇ ਵਫ਼ਦ ਨੂੰ ਮਿਲਣ ਲਈ ਛੇਤੀ ਸਮਾਂ ਦਿਓ।
ਆਈ.ਐੱਨ.ਡੀ.ਆਈ.ਏ. ਗਠਜੋੜ ਨੇ ਸਿਖਰਲੇ ਨੇਤਾਵਾਂ ਦੀ 19 ਦਸੰਬਰ ਨੂੰ ਹੋਈ ਚੌਥੀ ਬੈਠਕ ‘ਚ ਈ.ਵੀ.ਐੱਮ.-ਵੀ.ਵੀ.ਪੈਟ ਮੁੱਦੇ ‘ਤੇ ਹੋਈ ਚਰਚਾ ਦੇ ਪਰਿਪੇਖ ‘ਚ ਜੈ ਰਾਮ ਰਮੇਸ਼ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਵੀ.ਵੀ.ਪੈਟ (ਵੈਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ) ਨਾਲ ਜੁੜੇ ਕੁਝ ਸਵਾਲਾਂ ਬਾਰੇ ਸਪੱਸ਼ਟੀਕਰਨ ਹਾਸਲ ਕਰਨ ਲਈ ਵਿਰੋਧੀ ਨੇਤਾਵਾ ਚੋਣ ਕਮਿਸ਼ਨ ਨੂੰ ਮਿਲਣ ਦਾ ਕਾਫੀ ਸਮੇਂ ਤੋਂ ਯਤਨ ਕਰ ਰਹੇ ਹਨ। ਆਈ.ਐੱਨ.ਡੀ.ਆਈ.ਏ. ਦੀ 19 ਦਸੰਬਰ ਦੀ ਬੈਠਕ ‘ਚ ਚੋਣਾਂ ਦੀ ਪਵਿੱਤਰਤਾ ਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਗਿਣਤੀ ਈ.ਵੀ.ਐੱਮ. ਦੀ ਥਾਂ ਉਸ ਤੋਂ ਨਿਕਲੀਆਂ ਵੀ.ਵੀ.ਪੈਟ ਵਾਲੀਆਂ ਪਰਚੀਆਂ ਦੀ ਸੌ ਫ਼ੀਸਦੀ ਗਿਣਤੀ ਕਰਨ ਦੀ ਰਾਇ ਪ੍ਰਗਟ ਕਰਦੇ ਹੋਏ ਮਤਾ ਪਾਸ ਕੀਤਾ ਗਿਆ ਸੀ। ਇਸ ‘ਚ ਵਿਰੋਧੀ ਪਾਰਟੀਆਂ ਨੇ ਕਿਹਾ ਸੀ ਕਿ ਈ.ਵੀ.ਐੱਮ ਕਾਰਜਪ੍ਰਣਾਲੀ ਦੀ ਅਖੰਡਤਾ ਬਾਰੇ ਕਈ ਸ਼ੱਕ ਹਨ। ਇਸ ਹਾਲਤ ‘ਚ ਸੁਝਾਅ ਦਿੱਤਾ ਗਿਆ ਹੈ ਕਿ ਵੀ.ਵੀ.ਪੈਟ ਪਰਚੀਆਂ ਵੋਟਰਾਂ ਨੂੰ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਉਹ ਵੱਖਰੀ ਪੇਟੀ ‘ਚ ਪਾਉਣਗੇ। ਬਾਅਦ ‘ਚ ਉਨ੍ਹਾਂ ਦੀ 100 ਫ਼ੀਸਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ। ਵੀ.ਵੀ.ਪੈਟ ‘ਤੇ ਇਨ੍ਹਾਂ ਸਵਾਲ ਸਿੱਧੇ ਕਮਿਸ਼ਨ ਦੇ ਸਾਹਮਣੇ ਰੱਖਣ ਲਈ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨੂੰ ਮਿਲਣ ਦਾ ਯਤਨ ਕਰ ਰਹੀਆਂ ਹਨ।