ਮੋਗਾ, 8 ਜੁਲਾਈ (ਪੰਜਾਬ ਮੇਲ)- ਮੋਗਾ ਦੇ ਪਿੰਡ ਰਾਮੂ ਵਾਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਦੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਬੀਤੀ ਰਾਤ ਆਪਣੇ ਚਾਚੇ ਦੇ ਲੜਕੇ ਨਾਲ ਜਿੰਮ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਆਪਣੇ ਪਿੰਡ ਨੂੰ ਪਰਤਦੇ ਸਮੇਂ ਲਾਲ ਸਿੰਘ ਰੋਡ ਮੋਗਾ ‘ਤੇ ਇਕ ਬੋਲੈਰੋ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿਚ ਜਗਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੇ ਮਾਮੇ ਦਾ ਪੁੱਤਰ ਮਨਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਗਦੀਪ ਸਿੰਘ ਨੈਸ਼ਨਲ ਪੱਧਰ ਦਾ ਕਬੱਡੀ ਖਿਡਾਰੀ ਸੀ। ਜਗਦੀਪ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਕਬੱਡੀ ਜਗਤ ਵਿਚ ਆਪਣੀ ਪਛਾਣ ਬਣਾਈ ਅਤੇ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿਚ ਵੀ ਖੇਡਿਆ। ਜਗਦੀਪ ਕਬੱਡੀ ਖੇਡਣ ਲਈ ਬਾਹਰ ਜਾਣ ਦੀ ਤਿਆਰੀ ਵੀ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।