ਮੁੰਬਈ, 18 ਜਨਵਰੀ (ਪੰਜਾਬ ਮੇਲ)-ਚੈਂਪੀਅਨਜ਼ ਟਰਾਫੀ 2025 ਅਤੇ ਇੰਗਲੈਂਡ ਵਿਰੁੱਧ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਵਿਚਕਾਰ ਲੰਬੀ ਮੁਲਾਕਾਤ ਤੋਂ ਬਾਅਦ, ਇੱਕ ਪ੍ਰੈਸ ਕਾਨਫਰੰਸ ਰਾਹੀਂ ਭਾਰਤੀ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਚੈਂਪੀਅਨਜ਼ ਟਰਾਫੀ ਦਾ ਆਗਾਜ਼ 19 ਫਰਵਰੀ ਤੋਂ ਹੋ ਰਿਹਾ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥ ਹੀ ਹੋਵੇਗੀ। ਜਦਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਦੀ ਵੀ ਸਕੁਐਡ ‘ਚ ਐਂਟਰੀ ਹੋ ਗਈ ਹੈ। ਦੂਜੇ ਪਾਸੇ ਸੰਜੂ ਸੈਮਸਨ ਤੇ ਸ਼ਾਨਦਾਰ ਫਾਰਮ ‘ਚ ਚੱਲ ਰਹੇ ਕਰੁਣ ਨਾਇਰ ਟੀਮ ‘ਚ ਸ਼ਾਮਲ ਨਹੀਂ ਕੀਤੇ ਗਏ ਹਨ। ਰਿਸ਼ਭ ਪੰਤ ਨੂੰ ਵੀ ਵਿਕਟਕੀਪਰ ਵਜੋਂ ਸੰਜੂ ਸੈਮਸਨ ‘ਤੇ ਤਰਜੀਹ ਦਿੱਤੀ ਗਈ ਹੈ।
ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ ਭਾਰਤੀ ਕ੍ਰਿਕਟ ਟੀਮ ‘ਚ ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼ੁਭਮਨ ਗਿੱਲ (ਉਪ ਕਪਤਾਨ), ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਅਰਸ਼ਦੀਪ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਸ਼ਾਮਲ ਹਨ।
ਇੰਗਲੈਂਡ ਵਿਰੁੱਧ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਐਲਾਨੀ ਗਈ ਭਾਰਤੀ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਸ਼ਾਮਲ ਹਨ। ਭਾਰਤ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਵਨਡੇ 6 ਫਰਵਰੀ ਨੂੰ, ਦੂਜਾ ਵਨਡੇ 9 ਫਰਵਰੀ ਨੂੰ ਅਤੇ ਤੀਜਾ ਵਨਡੇ 12 ਫਰਵਰੀ ਨੂੰ ਖੇਡੇਗਾ।
ਚੈਂਪੀਅਨਜ਼ ਟਰਾਫੀ ‘ਚ ਭਾਰਤ ਦੇ ਗਰੁੱਪ ਮੈਚ
ਭਾਰਤ ਚੈਂਪੀਅਨਜ਼ ਟਰਾਫੀ 2025 ਦੇ ਆਪਣੇ ਸਾਰੇ ਮੈਚ ਦੁਬਈ ਵਿਚ ਖੇਡੇਗਾ। ਭਾਰਤ ਨੂੰ ਬੰਗਲਾਦੇਸ਼, ਪਾਕਿਸਤਾਨ ਅਤੇ ਨਿਊਜ਼ੀਲੈਂਡ ਨਾਲ ਗਰੁੱਪ ਵਿਚ ਰੱਖਿਆ ਗਿਆ ਹੈ। ਚੈਂਪੀਅਨਜ਼ ਟਰਾਫੀ ਵਿਚ ਭਾਰਤ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ, ਜਦੋਂਕਿ 23 ਤਰੀਕ ਨੂੰ ਭਾਰਤ ਪਾਕਿਸਤਾਨ ਨਾਲ ਖੇਡੇਗਾ, ਜਦੋਂਕਿ ਆਖਰੀ ਗਰੁੱਪ ਮੈਚ ਵਿਚ ਭਾਰਤ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਖੇਡੇਗਾ।