ਪੇਈਚਿੰਗ, 20 ਜੂਨ (ਪੰਜਾਬ ਮੇਲ)-ਚੀਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਤਿੱਬਤ ਨੀਤੀ ਸਬੰਧੀ ਬਿੱਲ ‘ਤੇ ਦਸਤਖ਼ਤ ਨਾ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਵੀ ਮੋੜਵਾਂ ਜਵਾਬ ਦੇਵੇਗਾ। ਚੀਨ ਨੇ ਦਲਾਈ ਲਾਮਾ ਨਾਲ ਮੁਲਾਕਾਤ ਲਈ ਧਰਮਸ਼ਾਲਾ ਗਏ ਅਮਰੀਕੀ ਕਾਂਗਰਸ ਦੇ ਵਫ਼ਦ ਦੇ ਦੌਰੇ ‘ਤੇ ਵੀ ਚਿੰਤਾ ਜਤਾਈ ਹੈ। ਅਮਰੀਕੀ ਪ੍ਰਤੀਨਿਧ ਸਭਾ ਨੇ ਪਿਛਲੇ ਬੁੱਧਵਾਰ 391-26 ਵੋਟਾਂ ਨਾਲ ਤਿੱਬਤ-ਚੀਨ ਵਿਵਾਦ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਹ ਬਿੱਲ ਪੇਈਚਿੰਗ ਵੱਲੋਂ ਤਿੱਬਤ ਦੇ ਇਤਿਹਾਸ, ਲੋਕਾਂ ਅਤੇ ਅਦਾਰਿਆਂ ਬਾਰੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਦੇ ਟਾਕਰੇ ਲਈ ਫੰਡ ਜਾਰੀ ਕਰਨ ਦੇ ਨਿਰਦੇਸ਼ ਦੇਵੇਗਾ।
ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਅਮਰੀਕੀ ਵਫ਼ਦ ਦੇ ਦੌਰੇ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ 14ਵਾਂ ਦਲਾਈ ਲਾਮਾ ਪੂਰੀ ਤਰ੍ਹਾਂ ਨਾਲ ਧਾਰਮਿਕ ਹਸਤੀ ਨਹੀਂ ਹੈ ਪਰ ਇਕ ਸਿਆਸੀ ਜਲਾਵਤਨੀ ਵਾਲੀ ਸਰਕਾਰ ਧਰਮ ਦੀ ਆੜ ਹੇਠ ਚੀਨ ਵਿਰੋਧੀ ਵੱਖਵਾਦੀ ਗਤੀਵਿਧੀਆਂ ਵਿਚ ਰੁੱਝੀ ਹੋਈ ਹੈ। ਉਸ ਨੇ ਕਿਹਾ ਕਿ ਅਮਰੀਕਾ ਦਲਾਈ ਲਾਮਾ ਧੜੇ ਨਾਲ ਕੋਈ ਸੰਪਰਕ ਨਾ ਰੱਖੇ, ਸ਼ੀਜੈਂਗ (ਤਿੱਬਤ) ਨਾਲ ਸਬੰਧਤ ਮੁੱਦਿਆਂ ਪ੍ਰਤੀ ਆਪਣੀ ਵਚਨਬੱਧਤਾ ਦਾ ਮਾਣ ਰੱਖੇ ਅਤੇ ਦੁਨੀਆਂ ਨੂੰ ਕੋਈ ਗਲਤ ਸੰਕੇਤ ਭੇਜਣਾ ਬੰਦ ਕਰੇ। ਲਿਨ ਨੇ ਦਾਅਵਾ ਕੀਤਾ ਕਿ ਤਿੱਬਤ ਪੁਰਾਤਨ ਸਮੇਂ ਤੋਂ ਚੀਨ ਦਾ ਹਿੱਸਾ ਰਿਹਾ ਹੈ ਅਤੇ ਉਸ ਨਾਲ ਸਬੰਧਤ ਮੁੱਦਾ ਪੂਰੀ ਤਰ੍ਹਾਂ ਨਾਲ ਚੀਨ ਦਾ ਅੰਦਰੂਨੀ ਮਾਮਲਾ ਹੈ, ਜਿਸ ‘ਚ ਕੋਈ ਬਾਹਰੀ ਦਖ਼ਲ ਨਾਮਨਜ਼ੂਰ ਹੈ। ਉਸ ਨੇ ਕਿਹਾ ਕਿ ਤਿੱਬਤ ਨੂੰ ਚੀਨ ਤੋਂ ਵੱਖ ਕਰਨ ਦੀ ਕੋਈ ਵੀ ਕੋਸ਼ਿਸ਼ ਕਦੇ ਵੀ ਸਫ਼ਲ ਨਹੀਂ ਹੋਵੇਗੀ।