#INDIA

ਚੀਨ ਵਿਚ ਕੋਰੋਨਾ ਵਰਗਾ ਇਕ ਹੋਰ ਨਵਾਂ ਵਾਇਰਸ ਮਿਲਿਆ

-ਵਾਇਰਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖ਼ਤਰਾ
ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ ਮਚੀ ਤਬਾਹੀ ਤੋਂ ਪੂਰੀ ਦੁਨੀਆਂ ਦੇ ਲੋਕ ਹਾਲੇ ਵੀ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸੇ ਵਿਚਾਲੇ ਚੀਨ ਤੋਂ ਇਕ ਹੋਰ ਡਰਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਚੀਨ ਵਿਚ ਕੋਰੋਨਾ ਵਰਗਾ ਇਕ ਹੋਰ ਨਵਾਂ ਵਾਇਰਸ ਮਿਲਿਆ ਹੈ। ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖ਼ਤਰਾ ਹੈ। ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿਚ ਪਾਇਆ ਗਿਆ ਹੈ। ਕੋਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਫਿਰ ਤੋਂ ਡਰ ਰਹੇ ਹਨ।
ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ। ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖ਼ਤਰਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਹ ਵਾਇਰਸ ਉਨ੍ਹਾਂ ਹੀ ਰੀਸੈਪਟਰਾਂ ਰਾਹੀਂ ਸੈੱਲਾਂ ਵਿਚ ਦਾਖਲ ਹੁੰਦਾ ਹੈ, ਜਿਵੇਂ ਕੋਰੋਨਾਵਾਇਰਸ ਕਰਦਾ ਹੈ। ਇਹ ਵਾਇਰਸ ਮਨੁੱਖਾਂ ਅਤੇ ਹੋਰ ਥਣਧਾਰੀ ਜੀਵਾਂ ਦੇ ਸਰੀਰ ਵਿਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ। ਇਸ ਨਵੇਂ ਵਾਇਰਸ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐੱਮ.ਈ.ਆਰ.ਐੱਸ. ਵੀ ਕਿਹਾ ਜਾਂਦਾ ਹੈ।
ਨਵੇਂ ਵਾਇਰਸ ਨੇ ਬੇਸ਼ੱਕ ਲੋਕ ਡਰਨ ਲਾ ਦਿੱਤੇ ਹਨ ਪਰ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਰਿਪੋਰਟਾਂ ਵਿਚ ਕੁੱਲ 2600 ਲੋਕਾਂ ਨੂੰ ਇਸ ਨਵੇਂ ਐੱਮ.ਈ.ਆਰ.ਐੱਸ. ਵਾਇਰਸ ਤੋਂ ਪੀੜਤ ਪਾਇਆ ਜਾ ਚੁੱਕਾ ਹੈ। ਇਹ ਰਿਪੋਰਟਾਂ 2012 ਤੋਂ ਮਈ 2024 ਤਕ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਵਾਇਰਸ ਤੋਂ ਪੀੜਤ ਹੋਏ ਲੋਕਾਂ ਵਿਚ 36 ਫੀਸਦੀ ਲੋਕ ਤਾਂ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ, ਭਾਵ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਮੁਤਾਬਕ ਇਸਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿਚ ਪਾਏ ਗਏ ਹਨ।
ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾਂ ਵਿਚ ਪਾਏ ਜਾਣ ਵਾਲੇ ਕੋਰੋਨਾਵਾਇਰਸ ‘ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਰਿਹਾ ਹੈ ਕਿ ਕੋਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ ਸੀ। ਇਸ ਤੋਂ ਬਾਅਦ ਇਸਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾ ਦਿੱਤੀ। ਕੋਰੋਨਾ ਵਾਇਰਸ ਕਾਰਨ 15 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਦੱਖਣ-ਪੂਰਬੀ ਏਸ਼ੀਆ, ਯੂਰਪ ਅਤੇ ਅਮਰੀਕਾ ਵਿਚ ਹੋਈਆਂ। ਡਬਲਯੂ.ਐੱਚ.ਓ. ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿਚ ਕੋਵਿਡ ਕਾਰਨ 47 ਲੱਖ ਮੌਤਾਂ ਹੋਈਆਂ। ਪਰ ਭਾਰਤ ਨੇ ਡਬਲਯੂ.ਐੱਚ.ਓ. ਦੇ ਇਸ ਡੇਟਾ ‘ਤੇ ਇਤਰਾਜ਼ ਜਤਾਇਆ ਸੀ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜਨਵਰੀ 2020 ਤੋਂ ਦਸੰਬਰ 2021 ਤੱਕ ਦੇਸ਼ ਵਿਚ ਸਿਰਫ਼ 4 ਲੱਖ 80 ਹਜ਼ਾਰ ਮੌਤਾਂ ਹੋਈਆਂ ਹਨ।