ਬੀਜਿੰਗ, 13 ਜੁਲਾਈ (ਪੰਜਾਬ ਮੇਲ)-ਚੀਨ 2030 ਤੱਕ ਚੰਦਰਮਾ ‘ਤੇ ਮਨੁੱਖੀ ਮਿਸ਼ਨ ਭੇਜਣ ਦੇ ਨਾਲ-ਨਾਲ ਉੱਥੇ ਖੋਜ ਅਤੇ ਪ੍ਰਯੋਗਾਤਮਕ ਸਟੇਸ਼ਨ ਬਣਾਉਣ ਦੀਆਂ ਸੰਭਾਵਨਾਵਾਂ ‘ਤੇ ਵੀ ਕੰਮ ਕਰੇਗਾ। ਚੀਨ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਦੇ ਡਿਪਟੀ ਡਿਜ਼ਾਈਨਰ ਝਾਂਗ ਹੇਲੀਅਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਨੇ 2030 ਤੱਕ ਚੰਦਰਮਾ ‘ਤੇ ਮਨੁੱਖ ਨੂੰ ਉਤਾਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ।
ਚੀਨ ਦੇ ਅਖ਼ਬਾਰ ਪੀਪਲਜ਼ ਡੇਲੀ ਨੇ ਝਾਂਗ ਦੇ ਹਵਾਲੇ ਨਾਲ ਕਿਹਾ ਕਿ ”ਸਾਡਾ ਦੇਸ਼ 2030 ਤੱਕ ਵਿਗਿਆਨਕ ਖੋਜ ਲਈ ਚੰਦਰਮਾ ‘ਤੇ ਮਨੁੱਖ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਚੰਦਰਮਾ ਖੋਜ ਅਤੇ ਪ੍ਰਯੋਗਾਤਮਕ ਸਟੇਸ਼ਨ ਬਣਾਉਣ ‘ਤੇ ਧਿਆਨ ਕੇਂਦਰਿਤ ਕਰਾਂਗੇ, ਨਾਲ ਹੀ ਧਰਤੀ ਦੇ ਇਸ ਕੁਦਪਤੀ ਉਪਗ੍ਰਹਿ ਅਤੇ ਸਬੰਧਤ ਤਕਨੀਕੀ ਟੈਸਟਾਂ ਦੀ ਯੋਜਨਾਬੱਧ ਅਤੇ ਨਿਰੰਤਰ ਖੋਜ ਕਰਾਂਗੇ। ਚੀਨੀ ਇੰਜੀਨੀਅਰ ਨੇ ਕਿਹਾ ਕਿ ਚੀਨੀ ਖੋਜੀ ਇਸ ਮਿਸ਼ਨ ਲਈ ਨਵੇਂ ਉਪਕਰਨ ਵਿਕਸਤ ਕਰ ਰਹੇ ਹਨ, ਜਿਸ ਵਿਚ ਲਾਂਗ ਮਾਰਚ 10 ਕੈਰੀਅਰ ਰਾਕੇਟ, ਮਨੁੱਖ ਯੁਕਤ ਪੁਲਾੜ ਯਾਨ, ਚੰਦਰ ਲੈਂਡਰ ਅਤੇ ਮਾਨਵ ਚੰਦਰ ਰੋਵਰ ਸ਼ਾਮਲ ਹਨ।