#AMERICA

ਚੀਨ, ਕੈਨੇਡਾ ਅਤੇ ਮੈਕਸੀਕੋ ਵੱਲੋਂ ਟਰੰਪ ਅੱਗੇ ਝੁਕਣ ਤੋਂ ਇਨਕਾਰ!

ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਤੋਂ ਬਾਅਦ, ਤਿੰਨੋਂ ਦੇਸ਼ਾਂ ਨੇ ਅਮਰੀਕਾ ਲਈ ਸਖਤ ਰੁਖ ਅਪਣਾਇਆ ਹੈ। ਜਿੱਥੇ ਕੈਨੇਡਾ ਅਤੇ ਮੈਕਸੀਕੋ ਨੇ ਅਮਰੀਕੀ ਸਾਮਾਨਾਂ ‘ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਉੱਥੇ ਹੀ ਚੀਨ ਨੇ ਡਬਲਯੂ.ਟੀ.ਓ. ਵਿਚ ਕੇਸ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ‘ਤੇ 25 ਫੀਸਦੀ ਅਤੇ ਚੀਨੀ ਸਮਾਨ ‘ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਚੀਨ ਨੇ ਅਮਰੀਕੀ ਟੈਰਿਫ ਵਿਰੁੱਧ ਵਿਸ਼ਵ ਵਪਾਰ ਸੰਗਠਨ ‘ਚ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ। ਚੀਨੀ ਵਣਜ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ ਅਮਰੀਕਾ ਵੱਲੋਂ ਚੀਨੀ ਸਾਮਾਨ ‘ਤੇ 10 ਫੀਸੰਦੀ ਵਾਧੂ ਟੈਰਿਫ ਲਗਾਉਣ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਇਸਦੀ ਸਖ਼ਤ ਨਿੰਦਾ ਕਰਦਾ ਹੈ।’ ਚੀਨ ਡਬਲਯੂ.ਟੀ.ਓ. ਕੋਲ ਕੇਸ ਦਾਇਰ ਕਰੇਗਾ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਢੁੱਕਵੇਂ ਜਵਾਬੀ ਉਪਾਅ ਕਰੇਗਾ।
ਦੂਜੇ ਪਾਸੇ, ਕੈਨੇਡਾ ਨੇ ਵੀ 155 ਬਿਲੀਅਨ ਡਾਲਰ ਦੇ ਅਮਰੀਕੀ ਦਰਾਮਦ ‘ਤੇ 25 ਪ੍ਰਤੀਸ਼ਤ ਟੈਰਿਫ ਲਗਾ ਕੇ ਅਮਰੀਕੀ ਟੈਰਿਫ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਐਲਾਨ ਕੀਤਾ ਹੈ। ਟਰੰਪ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਟਵੀਟ ਵਿਚ, ਟਰੂਡੋ ਨੇ ਕਿਹਾ ਕਿ ਉਹ ਜਲਦੀ ਹੀ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਗੱਲ ਕਰਨਗੇ ਅਤੇ ਇਸ ਮੁੱਦੇ ‘ਤੇ ਚਰਚਾ ਕਰਨ ਲਈ ਪਹਿਲਾਂ ਹੀ ਆਪਣੇ ਮੰਤਰੀ ਮੰਡਲ ਨਾਲ ਮੁਲਾਕਾਤ ਕਰ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਸੀ, ਪਰ ਕੈਨੇਡਾ ਤਿਆਰ ਹੈ। ਟਰੂਡੋ ਨੇ ਇੱਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਟੈਰਿਫ ਕੁਝ ਸਾਲ ਪਹਿਲਾਂ ਹੋਏ ਇੱਕ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰਦੇ ਹਨ। ਇਸ ਦੇ ਅਮਰੀਕੀ ਲੋਕਾਂ ਲਈ ਗੰਭੀਰ ਨਤੀਜੇ ਹੋਣਗੇ।
ਮੈਕਸੀਕੋ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦਾ ਜਵਾਬ ਟੈਰਿਫ ਲਗਾ ਕੇ ਦਿੱਤਾ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਆਪਣੇ ਅਰਥਚਾਰੇ ਮੰਤਰੀ ਨੂੰ ਮੈਕਸੀਕੋ ਦੇ ਹਿੱਤਾਂ ਦੀ ਰੱਖਿਆ ਲਈ ਟੈਰਿਫ ਅਤੇ ਗੈਰ-ਟੈਰਿਫ ਉਪਾਅ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ, ਜਦੋਂ ਸੰਯੁਕਤ ਰਾਜ ਅਮਰੀਕਾ ਨੇ ਮੈਕਸੀਕਨ ਸਮਾਨ ‘ਤੇ ਟੈਰਿਫ ਲਗਾਏ ਹਨ।
ਸ਼ੀਨਬੌਮ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਸਹਿਯੋਗ ਅਤੇ ਗੱਲਬਾਤ ਚਾਹੁੰਦੀ ਹੈ, ਟਕਰਾਅ ਦੀ ਨਹੀਂ। ਖੱਬੇ-ਪੱਖੀ ਨੇਤਾ ਕਲਾਉਡੀਆ ਸ਼ੀਨਬੌਮ ਨੇ ਵਾਰ-ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।