#world

ਚਿਲੀ ‘ਚ ਆਇਆ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ

ਸੈਂਟੀਆਗੋ (ਚਿੱਲੀ),  19 ਜੁਲਾਈ (ਪੰਜਾਬ ਮੇਲ)-  ਅਰਜਨਟੀਨਾ ਦੀ ਸਰਹੱਦ ਨੇੜੇ ਉੱਤਰੀ ਚਿਲੀ ਵਿੱਚ ਵੀਰਵਾਰ ਨੂੰ 7.4 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਇਸ ਭੂਚਾਲ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਯੂ.ਐਸ.ਜੀ.ਐਸ  ਅਨੁਸਾਰ ਭੂਚਾਲ ਚਿਲੀ ਦੇ ਸਮੇਂ ਅਨੁਸਾਰ ਰਾਤ 9:51 ਵਜੇ 117 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸਦਾ ਕੇਂਦਰ ਚਿਲੀ ਦੇ ਸੈਨ ਪੇਡਰੋ ਡੇ ਅਟਾਕਾਮਾ ਤੋਂ ਦੱਖਣ-ਪੂਰਬ ਵਿੱਚ 45 ਕਿਲੋਮੀਟਰ (28 ਮੀਲ) ਸੀ।  ਚਿਲੀ ਪ੍ਰਸ਼ਾਂਤ ਮਹਾਸਾਗਰ ਵਿੱਚ ਤਥਾਕਥਿਤ ‘ਰਿੰਗ ਆਫ਼ ਫਾਇਰ’ ਵਿੱਚ ਸਥਿਤ ਹੈ ਅਤੇ ਭੂਚਾਲ ਅਕਸਰ ਆਉਂਦੇ ਹਨ। ਇਸ ਖੇਤਰ ਵਿੱਚ ਟੈਕਟੋਨਿਕ ਪਲੇਟਾਂ ਇੱਕ ਦੂਜੇ ਨੂੰ ਧੱਕਦੀਆਂ ਹਨ, ਜਿਸ ਨਾਲ ਅਚਾਨਕ ਊਰਜਾ ਨਿਕਲਦੀ ਹੈ ਅਤੇ ਨਤੀਜੇ ਵਜੋਂ ਭੂਚਾਲ ਆਉਂਦੇ ਹਨ। ‘ਰਿੰਗ ਆਫ਼ ਫਾਇਰ’ ਵਿੱਚ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਜੁਆਲਾਮੁਖੀ ਵੀ ਸ਼ਾਮਲ ਹਨ। 2010 ਵਿਚ ਚਿਲੀ ਵਿਚ 8.8 ਤੀਬਰਤਾ ਦੇ ਭੂਚਾਲ ਅਤੇ ਉਸ ਤੋਂ ਬਾਅਦ ਆਈ ਸੁਨਾਮੀ ਵਿਚ 526 ਲੋਕ ਮਾਰੇ ਗਏ ਸਨ।