-ਫੇਰੀ ਨੂੰ ਦੁਵੱਲੀ ਸਾਂਝ ਮਜ਼ਬੂਤ ਕਰਨ ਦਾ ਮੌਕਾ ਦੱਸਿਆ
-ਭਾਰਤ ਤੇ ਅਮਰੀਕਾ ਹਰ ਚੁਣੌਤੀ ਲਈ ਤਿਆਰ: ਮੋਦੀ
ਨਵੀਂ ਦਿੱਲੀ, 21 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਰੋਜ਼ਾ ਦੌਰੇ ਲਈ ਅਮਰੀਕਾ ਪਹੁੰਚ ਗਏ ਹਨ। ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ‘ਚ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਫੇਰੀ ਵੰਨ-ਸੁਵੰਨਤਾ ਤੇ ਸਾਂਝ ਨੂੰ ਹੋਰ ਬਿਹਤਰ ਤੇ ਮਜ਼ਬੂਤ ਬਣਾਉਣ ਦਾ ਮੌਕਾ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਮੁਲਕ ਇਕਜੁੱਟ ਹੋ ਕੇ ਸਾਂਝੀਆਂ ਆਲਮੀ ਚੁਣੌਤੀਆਂ ਦਾ ਵਧੇਰੇ ਮਜ਼ਬੂਤੀ ਨਾਲ ਟਾਕਰਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਵੱਲੋਂ ਸਰਕਾਰੀ ਦੌਰੇ ਲਈ ਦਿੱਤਾ ‘ਵਿਸ਼ੇਸ਼ ਸੱਦਾ’ ਦਰਸਾਉਂਦਾ ਹੈ ਕਿ ਦੋਵਾਂ ਜਮਹੂਰੀਅਤਾਂ ਦਰਮਿਆਨ ਇਹ ਭਾਈਵਾਲੀ ਕਿੰਨੀ ਮਜ਼ਬੂਤ ਤੇ ਅਹਿਮ ਹੈ। ਸ਼੍ਰੀ ਮੋਦੀ 24 ਜੂਨ ਤੱਕ ਸਰਕਾਰੀ ਦੌਰੇ ‘ਤੇ ਰਹਿਣਗੇ। ਅਮਰੀਕਾ ਤੋਂ ਵਤਨ ਵਾਪਸੀ ਮੌਕੇ ਉਹ ਮਿਸਰ ਵੀ ਜਾਣਗੇ। ਸ਼੍ਰੀ ਮੋਦੀ ਨੇ ਅਮਰੀਕਾ ਤੇ ਮਿਸਰ ਦੀ ਫੇਰੀ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਬਾਇਡਨ ਤੇ ਹੋਰਨਾਂ ਸੀਨੀਅਰ ਅਮਰੀਕੀ ਆਗੂਆਂ ਨਾਲ ਹੋਣ ਵਾਲੀ ਵਿਚਾਰ-ਚਰਚਾ ਦੁਵੱਲੇ ਸਹਿਯੋਗ ਦੇ ਨਾਲ ਜੀ-20, ਕੁਆਡ ਤੇ ਆਈ.ਪੀ.ਈ.ਐੱਫ. (ਇੰਡੋ-ਪੈਸੇਫਿਕ ਇਕਨੋਮਿਕ ਫਰੇਮਵਰਕ ਫਾਰ ਪ੍ਰੌਸਪੈਰਿਟੀ) ਜਿਹੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਮੁਹੱਈਆ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਆਪਣੇ ਦੌਰੇ ਦੀ ਸ਼ੁਰੂਆਤ ਨਿਊਯਾਰਕ ਤੋਂ ਕਰਾਂਗਾ, ਜਿੱਥੇ ਮੈਂ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿਚ ਯੂ.ਐੱਨ. ਲੀਡਰਸ਼ਿਪ ਤੇ ਕੌਮਾਂਤਰੀ ਭਾਈਚਾਰ ਦੇ ਮੈਂਬਰਾਂ ਨਾਲ ਕੌਮਾਂਤਰੀ ਯੋਗ ਦਿਹਾੜਾ ਮਨਾਵਾਂਗਾ।” ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮਗਰੋਂ ਉਹ ਵਾਸ਼ਿੰਗਟਨ ਡੀ.ਸੀ. ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਤੰਬਰ 2021 ਵਿਚ ਅਮਰੀਕਾ ਦੀ ਆਪਣੀ ਸਰਕਾਰੀ ਫੇਰੀ ਮਗਰੋਂ ਰਾਸ਼ਟਰਪਤੀ ਬਾਇਡਨ ਤੇ ਉਨ੍ਹਾਂ ਨੂੰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਉਨ੍ਹਾਂ ਕਿਹਾ, ”ਇਹ ਫੇਰੀ ਸਾਡੀ ਭਾਈਵਾਲੀ ਦੀ ਵੰਨ-ਸੁਵੰਨਤਾ ਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੋਵੇਗੀ।” ਸ਼੍ਰੀ ਮੋਦੀ ਨੇ ਕਿਹਾ ਕਿ ਅਮਰੀਕਾ ਵਸਤਾਂ ਤੇ ਸੇਵਾਵਾਂ ਦੇ ਖੇਤਰ ਵਿਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਦੋਵੇਂ ਮੁਲਕ ਵਿਗਿਆਨ ਤੇ ਤਕਨਾਲੋਜੀ, ਸਿੱਖਿਆ, ਸਿਹਤ ਤੇ ਸੁਰੱਖਿਆ ਦੇ ਖੇਤਰ ਵਿਚ ਨੇੜਿਓਂ ਸਹਿਯੋਗ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ”ਅਸੀਂ ਦੋਵੇਂ ਮੁਲਕ ਮੁਕਤ, ਖੁੱਲ੍ਹੇ ਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਨੂੰ ਲੈ ਕੇ ਸਾਂਝੇ ਨਜ਼ਰੀਏ ਦੀ ਦਿਸ਼ਾ ਵਿਚ ਵੀ ਮਿਲ ਕੇ ਕੰਮ ਕਰ ਰਹੇ ਹਾਂ।” ਸ਼੍ਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਵਿਚ ਉਨ੍ਹਾਂ ਨੂੰ ਕਾਰੋਬਾਰੀ ਆਗੂਆਂ ਨਾਲ ਬੈਠਕ ਕਰਨ, ਭਾਰਤੀ ਭਾਈਚਾਰੇ ਨਾਲ ਸੰਵਾਦ ਰਚਾਉਣ ਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣ ਦਾ ਵੀ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ ਤੇ ਪ੍ਰਥਮ ਮਹਿਲਾ ਤੇ ਹੋਰਨਾਂ ਕਈ ਨਾਮੀ ਹਸਤੀਆਂ ਨਾਲ ਰਾਜਕੀ ਭੋਜ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ਨੇ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹਮੇਸ਼ਾ ਮਜ਼ਬੂਤ ਦੁਵੱਲੀ ਹਮਾਇਤ ਦਿੱਤੀ ਹੈ।