-78 ਸਾਲਾਂ ਦੇ ਇਤਿਹਾਸ ਵਿਚ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਬ੍ਰਿਟਿਸ਼ ਸਿੱਖ
ਬੈੱਡਫੋਰਡ (ਯੂ.ਕੇ.), 14 ਅਗਸਤ (ਪੰਜਾਬ ਮੇਲ)- 1946 ਵਿਚ ਸਥਾਪਿਤ, ਕ੍ਰੈਨਫੀਲਡ ਯੂਨੀਵਰਸਿਟੀ ਬੈੱਡਫੋਰਡ ਦੇ ਨੇੜੇ ਕ੍ਰੈਨਫੀਲਡ ਪਿੰਡ ਵਿਚ ਸਥਿਤ ਵਿਸ਼ੇਸ਼ ਪੋਸਟ ਗ੍ਰੈਜੂਏਟ ਅਧਿਐਨ ਅਤੇ ਖੋਜ ਲਈ ਇੱਕ ਪ੍ਰਮੁੱਖ ਗਲੋਬਲ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੂੰ ਕਿਊ ਐੱਸ (QS) ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਚ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿਚੋਂ ਇੱਕ ਦਾ ਦਰਜਾ ਦਿੱਤਾ ਗਿਆ ਹੈ, ਨੇ ਆਪਣੇ ਅਲੂਮਨੀ ਅਵਾਰਡਾਂ ਦਾ ਐਲਾਨ ਕੀਤਾ ਹੈ।
ਚਰਨ ਸੇਖੋਂ ਯੂਨੀਵਰਸਿਟੀ ਦੇ 78 ਸਾਲਾਂ ਦੇ ਇਤਿਹਾਸ ਵਿਚ ਸਰਵਉੱਚ ਅਲੂਮਨੀ ਅਵਾਰਡ ਪ੍ਰਾਪਤ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਸਿੱਖ ਬਣ ਗਏ ਹਨ।
ਜੇਤੂਆਂ ਦਾ ਐਲਾਨ ਕਰਦੇ ਹੋਏ ਕ੍ਰੈਨਫੀਲਡ ਯੂਨੀਵਰਸਿਟੀ ਨੇ ਕਿਹਾ, ”ਸਾਨੂੰ ਚਰਨ ਕੰਵਲ ਸਿੰਘ ਸੇਖੋਂ ਐੱਮ.ਬੀ.ਈ., ਡਿਸਟਿੰਗੂਇਸ਼ਡ ਐਲੂਮਨੀ ਅਵਾਰਡ 2024 ਦੇ ਜੇਤੂ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ।” ਸੇਖੋਂ ਨੇ 1997 ਵਿਚ ਐਨਰਜੀ ਕੰਜ਼ਰਵੇਸ਼ਨ ਅਤੇ ਇਨਵਾਇਰਮੈਂਟ ਵਿਚ ਐੱਮ.ਐੱਸ.ਸੀ. ਪੂਰੀ ਕੀਤੀ।
ਡਿਸਟਿੰਗੂਇਸ਼ਡ ਅਲੂਮਨੀ ਅਵਾਰਡ ਸ਼੍ਰੇਣੀ ਯੂਨੀਵਰਸਿਟੀ ਦਾ ਸਭ ਤੋਂ ਉੱਚਾ ਸਨਮਾਨ ਹੈ, ਜੋ ਉਨ੍ਹਾਂ ਵਿਅਕਤੀਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਗਲੋਬਲ ਪ੍ਰਭਾਵ ਨੂੰ ਦਰਸਾਉਂਦੇ ਹੋਏ ਅੰਤਰਰਾਸ਼ਟਰੀ ਪੱਧਰ ਵਿਚ ਉੱਚੇ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਪਾਣੀ, ਊਰਜਾ ਅਤੇ ਵਾਤਾਵਰਣ ਖੇਤਰਾਂ ਵਿਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਤੇ ਸਮਾਜਿਕ ਪ੍ਰਭਾਵ ਅਤੇ ਕਮਿਊਨਟੀ ਸੇਵਾਵਾਂ ਵਿਚ ਵਿਸ਼ੇਸ਼ ਯੋਗਦਾਨ ਪ੍ਰਦਾਨ ਕੀਤਾ।
ਸੇਖੋਂ ਯੂ.ਕੇ. ਸਰਕਾਰ ਦੇ ਵਾਤਾਵਰਣ ਵਿਭਾਗ ਵਿਚ ਸੀਨੀਅਰ ਜ਼ਿਲ੍ਹਾ ਅਫਸਰ ਵਜੋਂ ਸੇਵਾ ਕਰ ਰਹੇ ਹਨ ਅਤੇ ਪੂਰਬੀ ਇੰਗਲੈਂਡ ਵਿਚ ਬਹੁਤ ਸਾਰੇ ਵਾਤਾਵਰਣ ਪ੍ਰੋਜੈਕਟਾਂ ਅਤੇ ਸਰਕਾਰੀ ਨੌਕਰੀਆਂ ਵਿਚ ਸਮਾਨਤਾ ਨਾਲ ਸਬੰਧਤ ਪ੍ਰੋਜੈਕਟਾਂ ਦੀ ਅਗਵਾਈ ਕਰ ਰਹੇ ਹਨ।
ਯੂਨੀਵਰਸਿਟੀ ਨੇ ਪ੍ਰੈੱਸ ਰਿਲੀਜ਼ ਵਿਚ ਕਿਹਾ, ”ਚਰਨ ਕੰਵਲ ਸਿੰਘ ਸੇਖੋਂ ਨੇ ਵਾਤਾਵਰਨ ਸੁਰੱਖਿਆ ਅਤੇ ਕਮਿਊਨਿਟੀ ਸੇਵਾ ਲਈ ਬੇਮਿਸਾਲ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ। ਪਿੰਡ ਬੜੂੰਦੀ ਪੰਜਾਬ, ਭਾਰਤ ਵਿਚ ਜਨਮੇ ਸੇਖੋਂ ਦੀ ਸ਼ੁਰੂਆਤੀ ਜ਼ਿੰਦਗੀ ਪਿੰਡ ਨਾਲ ਸਬੰਧਤ ਸੀ, ਜਿੱਥੇ ਪੇਂਡੂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹਨ, ਇਸ ਨੇ ਉਸਨੂੰ ਅੰਤਰਰਾਸ਼ਟਰੀ ਚੈਰਿਟੀ, ਸੇਵਾ ਟਰੱਸਟ (ਯੂ.ਕੇ. ਅਤੇ ਭਾਰਤ) ਬਣਾਉਣ ਲਈ ਪ੍ਰੇਰਿਤ ਕੀਤਾ। ਸੇਵਾ ਟਰੱਸਟ ਦੇ ਸੰਸਥਾਪਕ ਅਤੇ ਚੇਅਰਮੈਨ ਹੋਣ ਦੇ ਨਾਤੇ, ਉਨ੍ਹਾਂ ਨੇ ਯੂ.ਕੇ. ਅਤੇ ਭਾਰਤ ਵਿਚ ਸਿੱਖਿਆ, ਸਿਹਤ, ਕਲਿਆਣ ਅਤੇ ਵਾਤਾਵਰਨ ਪਹਿਲਕਦਮੀਆਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।