#PUNJAB

ਚਮਕੌਰ ਸਾਹਿਬ ਵਿਖੇ ਲੋਕਾਂ ਵੱਲੋਂ ਨਹਿਰ ਦੇ ਫਲੱਡ ਗੇਟ ਖੋਲ੍ਹਣ ਦਾ ਵਿਰੋਧ

ਚਮਕੌਰ ਸਾਹਿਬ, 10 ਜੁਲਾਈ (ਪੰਜਾਬ ਮੇਲ)- ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਦੇ ਪੁਲ ਹੇਠੋਂ ਬੇਲਾ ਡਰੇਨ ਵਿਚ ਪਾਣੀ ਸੁੱਟਣ ਲਈ ਫਲੱਡ ਗੇਟ ਖੋਲ੍ਹਣ ਦੇ ਵਿਰੋਧ ਵਿਚ ਬੇਟ ਇਲਾਕੇ ਦੇ ਸੈਂਕੜੇ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਪਿੰਡ ਕਮਾਲਪੁਰ ਕੋਲੋਂ ਨਦੀ ਦੇ ਬੰਨ੍ਹ ਟੁੱਟਣ ਕਾਰਨ ਨਦੀ ਦਾ ਪਾਣੀ ਵੀ ਨਹਿਰ ਵਿਚ ਹੀ ਆ ਰਿਹਾ ਹੈ, ਜਿਸ ਕਾਰਨ ਪਾਣੀ ਦੀ ਨਹਿਰ ਵਿਚ ਸਮੱਰਥਾ ਵੱਧਣ ਤੇ ਪ੍ਰਸ਼ਾਸਨ ਵੱਲੋਂ ਵਾਧੂ ਪਾਣੀ ਬੇਲਾ ਡਰੇਨ ਵਿਚ ਸੁੱਟਿਆ ਜਾਣਾ ਸੀ। ਪ੍ਰਸ਼ਾਸਨ ਵੱਲੋਂ ਇਸ ਸਬੰਧੀ ਬੇਟ ਇਲਾਕੇ ਦੇ ਪਿੰਡਾਂ ਵਿਚ ਮੁਨਿਆਦੀ ਵੀ ਅੱਜ ਸਵੇਰੇ ਕਰਵਾਈ ਗਈ, ਜਿਸ ‘ਤੇ ਪਿੰਡਾਂ ਦੇ ਸੈਂਕੜੇ ਲੋਕ ਨੁਕਸਾਨ ਦੇ ਡਰ ਕਾਰਨ ਚਮਕੌਰ ਸਾਹਿਬ ਵਿਖੇ ਨਹਿਰ ਪੁੱਲ ‘ਤੇ ਇਕੱਠੇ ਹੋ ਗਏ ਅਤੇ ਫਲੱਡ ਗੇਟ ਖੋਲ੍ਹਣ ਨਹੀਂ ਦਿੱਤੇ। ਐੱਸ.ਡੀ.ਐੱਮ. ਅਮਰੀਕ ਸਿੰਘ ਸਿੱਧੂ ਨੇ ਜਦੋਂ ਲੋਕਾਂ ਨਾਲ ਗੱਲ ਕਰਨੀ ਚਾਹੀ, ਤਾਂ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਫਲੱਡ ਗੇਟਾਂ ਨੂੰ ਖੋਲ੍ਹਣ ਲਈ ਅਧਿਕਾਰੀਆਂ ਵੱਲੋਂ ਮਸ਼ੀਨ ਮੰਗਵਾ ਲਈ ਪਰ ਸ਼੍ਰੀ ਸਿੱਧੂ ਵੱਲੋਂ ਲੋਕਾਂ ਨੂੰ ਸਮਝਿਆ ਗਿਆ ਕਿ ਉਹ ਮਸ਼ੀਨ ਵਾਪਸ ਭੇਜ ਦਿੰਦੇ ਹਨ ਅਤੇ ਗੇਟ ਨਹੀਂ ਖੋਲ੍ਹੋ ਜਾਣਗੇ, ਜਿਸ ‘ਤੇ ਲੋਕ ਸਾਂਤ ਹੋਏ। ਯੂਥ ਆਗੂ ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ ਨੇ ਦੱਸਿਆ ਕਿ ਜੇ ਇਹ ਗੇਟ ਖੋਲ੍ਹ ਦਿੱਤੇ ਗਏ, ਤਾਂ ਬੇਟ ਇਲਾਕੇ ਦੇ ਸਾਰੇ ਪਿੰਡ ਪਾਣੀ ‘ਚ ਡੁੱਬ ਜਾਣਗੇ, ਜਿਸ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ, ਕਿਉਂਕਿ ਪਿੰਡਾਂ ਵਿਚ ਤਾਂ ਪਹਿਲਾ ਹੀ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ, ਜੋ ਕਿ ਨਹਿਰ ਦੇ ਪੁੱਲ ‘ਤੇ 24 ਘੰਟੇ ਦਿਨ ਤੇ ਰਾਤ ਨੂੰ ਨਿਗਰਾਨੀ ਰੱਖਣਗੇ। ਦੂਜੇ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਪਾਣੀ ਦੇ ਵਾਧੂ ਤੇ ਬਰਸਾਤੀ ਪਾਣੀ ਲਈ ਜਿਹੜੀਆਂ ਡਰੇਨਾਂ ਬਣੀਆਂ ਹੋਈਆਂ ਹਨ, ਉਨ੍ਹਾਂ ਦੀ ਪ੍ਰਸ਼ਾਸਨ ਵੱਲੋਂ ਸਫਾਈ ਹੀ ਨਹੀਂ ਕਰਵਾਈ ਗਈ, ਜਿਸ ਕਾਰਨ ਉਨ੍ਹਾਂ ਡਰੇਨਾਂ ਵਿਚ ਪਾਣੀ ਦਾ ਵਹਾਅ ਸਹੀ ਤਰੀਕੇ ਨਾਲ ਅੱਗੇ ਨਹੀਂ ਜਾ ਰਿਹਾ। ਜੇ ਪਹਿਲਾ ਹੀ ਸਹੀ ਤਰੀਕੇ ਨਾਲ ਡਰੇਨਾਂ ਦੀ ਸਫਾਈ ਕਰਵਾ ਲੈਂਦੇ, ਤਾਂ ਅੱਜ ਇਹ ਸਥਿਤੀ ਪੈਦਾ ਨਹੀਂ ਸੀ ਹੋਣੀ।

Leave a comment