ਦਰਿਆ ‘ਚ ਪਾਣੀ ਦਾ ਪੱਧਰ 752 ਕਿਊਸਿਕ ਤੋਂ ਪਾਰ ਹੋਇਆ
ਸੰਗਰੂਰ/ਲਹਿਰਾਗਾਗਾ, 13 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ) – ਹਲਕਾ ਲਹਿਰਾ ਦੇ ਖਨੌਰੀ ਕੋਲੋਂ ਲੰਘਦੀ ਘੱਗਰ ਨਦੀ ਨੇ ਆਪਣਾ ਵਿਕਰਾਲ ਰੂਪ ਧਾਰ ਲਿਆ ਹੈ। ਇਸ ਘੱਗਰ ਨਦੀ ਦਾ ਲੇਬਲ 752 ਕਿਊਸਕ ਤੋਂ ਪਾਰ ਹੋ ਚੁੱਕਿਆ ਹੈ। ਪਿੰਡ ਮਕੋਰੜ ਕੋਲ 100 ਫੁੱਟ ਦਾ ਪਾੜ ਪੈ ਚੁੱਕਿਆ ਹੈ। ਇਸ ਤੋਂ ਇਲਾਵਾ ਪਿੰਡ ਫੂਲਦ ਕੋਲ ਵੀ ਕਰਮਵਾਰ 50 ਅਤੇ 30 ਫੁੱਟ ਦੇ ਪਾੜ ਇਸ ਘੱਗਰ ਨਦੀ ਵਿੱਚ ਪੈ ਚੁੱਕੇ ਹਨ। ਜਿਸ ਕਾਰਨ ਹਜ਼ਾਰਾਂ ਏਕੜ ਫਸਲ ਵਿੱਚ ਪਾਣੀ ਭਰ ਚੁੱਕਿਆ ਹੈ। ਪਿੰਡ ਫੂਲਦ ਨੇੜੇ ਘੱਗਰ ਵਿੱਚ ਰਾਤ ਵੱਡਾ ਪਾੜ ਪੈਣ ਕਾਰਨ ਮਕੋਰੜ ਸਾਹਿਬ, ਫੂਲਦ, ਘਮੂਰਘਾਟ ਦੇ ਪਿੰਡਾਂ ਚ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਹੈ ਅਤੇ ਨਾਲ ਲੱਗਦੇ ਹੋਰ ਪਿੰਡਾਂ ਚ ਵੀ ਖਤਰਾ ਬਣਿਆ ਹੋਇਆ ਹੈ। ਇੰਨਾ ਥਾਵਾਂ ‘ਤੇ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ ਐਸ ਪੀ ਸੁਰਿੰਦਰ ਲਾਂਬਾ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਪਹੁੰਚੇ ਹੋਏ ਹਨ।
ਇਸ ਮੌਕੇ ਪਾੜ ਵਾਲੀ ਥਾਂ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਇਲ ਨੇ ਕਿਹਾ ਕਿ ਮੰਡਵੀ ਕੋਲ ਪਿਆ ਪਾੜ ਪੂਰ ਦਿੱਤਾ ਗਿਆ ਹੈ ਜਦੋਂ ਕਿ ਇਹ ਬਾਕੀ ਦੇ ਪਾੜ ਪੂਰਨ ਦੀ ਤਿਆਰੀ ਵਿਚ ਹਾਂ। ਜਿਸ ਸਬੰਧੀ ਮਿੱਟੀ ਦੇ ਥੈਲੇ ਆਦਿ ਭਰ ਕੇ ਪਾੜ ਦੇ ਕੋਲੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਲੇਬਲ ਹੀ ਵਧਕੇ 752 ਕਿਊਸਕ ਹੋ ਗਿਆ ਹੈ। ਹਲਕਾ ਲਹਿਰਾ ਦੇ ਖਨੌਰੀ ਕੋਲੋਂ ਲੰਘਦੀ ਘੱਗਰ ਨਦੀ ਆਪਣੇ ਪੂਰੇ ਉਫਾਨ ‘ਤੇ ਚੱਲ ਰਹੀ ਹੈ। ਜਿਸ ਦੇ ਚਲਦਿਆਂ ਖਨੌਰੀ ਥਾਣੇ ਅਧੀਨ ਆਉਂਦੇ ਪਿੰਡ ਚਾਂਦੂ ਅਤੇ ਮੰਡਵੀ ਦੇ ਵਿਚਕਾਰ ਦੇਰ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਘੱਗਰ ਦਾ ਬੰਨ੍ਹ ਟੁੱਟ ਗਿਆ, ਜਿਸ ਵਿਚ 20 ਫੁੱਟ ਲੰਬਾ ਪਾੜ ਪੈ ਗਿਆ। ਜਿਸ ਕਾਰਨ ਕਿਸਾਨਾਂ ਦੀ 150 ਏਕੜ ਫ਼ਸਲ ਵਿੱਚ ਪਾਣੀ ਭਰ ਗਿਆ। ਜਿਸ ਕਰਕੇ ਪਿਛੋਂ ਦੋ ਤਿੰਨ ਥਾਵਾਂ ਤੋਂ ਟੁੱਟਣ ਉਪਰੰਤ ਵੀ ਪਾਣੀ ਦਾ ਪੱਧਰ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਗੋਇਲ ਨੇ ਕਿਹਾ ਕਿ ਸਾਡੀ ਇਹ ਵੀ ਕੋਸ਼ਿਸ ਹੈ ਕਿ ਫਸਲਾਂ ਵੀ ਬਚਾਈਆਂ ਜਾਣ ਅਤੇ ਕਿਸੇ ਦਾ ਜਾਨੀ, ਮਾਲੀ ਨੁਕਸਾਨ ਵੀ ਨਾ ਹੋਵੇ।
ਇਸ ਸਮੇਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੈ ਕਿਸੇ ਪਿੰਡ ਜਾਂ ਘਰਾਂ ਵਿੱਚ ਪਾਣੀ ਨਾ ਵੜੇ। ਇਸ ਸਬੰਧੀ ਅਲਾਊਡ ਸਪੀਕਰ ਤੋਂ ਅਨਾਊਂਸਮੈਂਟਾਂ ਵੀ ਕਰਵਾਈਆਂ ਜਾ ਚੁੱਕੀਆਂ ਹਨ ਕਿ ਸੁਚੇਤ ਰਿਹਾ ਜਾਵੇ। ਉਨ੍ਹਾਂ ਦੱਸਿਆ ਕਿ ਘੱਗਰ ਦੀ ਸਫ਼ਾਈ ਦਾ ਕੰਮ ਬਹੁਤ ਪਹਿਲਾਂ ਵਧੀਆ ਤਰੀਕੇ ਨਾਲ ਕਰਵਾ ਦਿੱਤਾ ਗਿਆ ਸੀ। ਜਿਸ ਕਾਰਨ 750 ਕਿਉਸਕ ਤੱਕ ਵੀ ਬਚਤ ਰਹੀ। ਹੁਣ ਵੀ ਸਾਡੀ ਕੋਸ਼ਿਸ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ, ਮਾਲੀ, ਪਸ਼ੂਧਨ ਦਾ ਨੁਕਸਾਨ ਵੀ ਨਾ ਹੋਵੇ। ਇਸ ਸਬੰਧੀ ਕਿਸਾਨ ਰਾਜੂ ਸਿੰਘ ਅਤੇ ਗੁਰਪ੍ਰਰੀਤ ਸਿੰਘ ਮੰਡਵੀ ਨੇ ਦੱਸਿਆ ਕਿ ਪਾੜ ਬਹੁਤ ਵੱਡੇ ਹਨ ਇਸ ਨਾਲ ਕਾਫੀ ਪਿੰਡਾਂ ਵਿੱਚ ਤਬਾਹੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਫੀ ਲੋਕ ਡੇਰਿਆਂ ‘ਤੇ ਬੈਠੇ ਹਨ ਇਸ ਲਈ ਉਹਨਾਂ ਦੀ ਅਤੇ ਪਸ਼ੂਆਂ ਦੇ ਬਚਾਓ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ।
ਇਸ ਸਬੰਧੀ ਗੁਰਵਿੰਦਰ ਸਿੰਘ, ਜੀਤਾ ਰਾਮ, ਸਰਪੰਚ ਜੋਗਿੰਦਰ ਸਿੰਘ, ਪਿਆਰਾ ਲਾਲ ਮੰਡਵੀ, ਭਗਵੰਤ ਸਿੰਘ, ਅਮਰੀਕ ਸਿੰਘ, ਪਾਲਾ ਰਾਮ ਆਦਿ ਨੇ ਦੱਸਿਆ ਕਿ, ਇਸ ਮੌਕੇ ਹਲਕਾ ਹਲਕਾ ਲਹਿਰਾ ਦੇ ਐਮਐਲਏ ਐਡਵੋਕੇਟ ਬਰਿੰਦਰ ਗੋਇਲ,ਐਸ ਡੀ ਐਮ ਲਹਿਰਾ ਸੂਬਾ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਲੋਕਾਂ ਦੀ ਮੱਦਦ ਨਾਲ ਪਾੜ ਨੂੰ ਬੰਦ ਕਰਵਾਇਆ। ਇਸ ਸਬੰਧੀ ਦੋਵੇਂ ਪਿੰਡਾਂ ਦਾ ਵੀ ਭਰਵਾਂ ਸਹਿਯੋਗ ਰਿਹਾ। ਇਸ ਤੋਂ ਇਲਾਵਾ ਸਰਪੰਚ ਜੋਗਿੰਦਰ ਸਿੰਘ ਟਰਾਲੀਆਂ, ਜੇਬੀਸੀ ਅਤੇ ਹੋਰ ਸਮਾਨ ਪਾੜ ਪੂਰਨ ਲਈ ਉਪਲੱਬਧ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਡਵੀ ਤੋਂ ਇਲਾਵਾ ਬਾਦਸ਼ਾਹਪੁਰ, ਹਰਚੰਦਪੁਰਾ, ਕੜੈਲ ਸਮੇਤ ਕਈ ਥਾਵਾਂ ਤੇ ਪਾੜ ਪੈਣਾ ਸ਼ੁਰੂ ਹੋ ਚੁੱਕਿਆ ਹੈ। ਆਰ ਡੀ ਸਾਇਫਨ 460 ਉੱਤੇ ਲੱਗੇ ਪੈਮਾਨੇ ਮੁਤਾਬਕ ਪਾਣੀ ਦਾ ਪੱਧਰ 750 ਤੋਂ ਵੀ ਉੱਪਰ ਚਲਾ ਗਿਆ ਹੈ। ਜਿਸ ਕਾਰਨ ਪੂਰੇ ਇਲਾਕੇ ਵਿਚ ਸਹਿਮ ਦਾ ਮਹੌਲ ਪੈਦਾ ਹੋ ਗਿਆ ਹੈ। ਇਸ ਸੰਬੰਧੀ ਮਕੋਰੜ ਸਾਹਿਬ ਵਿਖੇ ਸਵੇਰ ਤੋਂ ਹੀ ਪਾੜ ਪੂਰਨ ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਵਿਧਾਇਕ ਗੋਇਲ ਨੇ ਘੱਗਰ ਨੇੜੇ ਵਸਦੇ ਲੋਕਾਂ ਦੇ ਹੌਸਲੇ ਅਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੁਸ਼ਿਆਰੀ ਵਰਤਣੀ ਚਾਹੀਦੀ ਹੈ, ਪਰੰਤੂ ਘਬਰਾਉਣ ਦੀ ਲੋੜ ਨਹੀਂ। ਕਿਉਂਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੰਡਵੀ ਵਿਖੇ ਪਿਆ ਪਾੜ ਪੂਰ ਦਿੱਤਾ ਗਿਆ ਹੈ ਉਥੇ ਹੀ ਬਾਕੀ ਦੋ ਥਾਵਾਂ ਉੱਤੇ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ। ਕਿਸਾਨਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਹ ਪਾੜ ਕਾਫੀ ਸਮੇਂ ਤੱਕ ਬੰਦ ਨਾ ਹੋਏ ਤਾਂ ਇਹ ਪਾਣੀ ਹਰਿਆਣਾ ਦੇ ਸ਼ਹਿਰ ਟੋਹਾਣਾ ਤੱਕ ਵੀ ਮਾਰ ਕਰ ਸਕਦਾ ਹੈ।