ਔਟਵਾ, 24 ਮਈ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਵਿਚ ਗੈਰ-ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ‘ਚ ਕਾਮਯਾਬ ਹੋ ਰਹੇ ਹਨ। ਕੈਨੇਡਾ ਦੇ ਟੋਰਾਂਟੋ ਅਤੇ ਮੌਂਟਰੀਅਲ ‘ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ 109,535 ਪ੍ਰਵਾਸੀਆਂ ਨੂੰ ਰੋਕਿਆ ਗਿਆ, ਜਦਕਿ ਇਸ ਵਾਰ ਇਹ ਅੰਕੜਾ 6 ਮਹੀਨੇ ‘ਚ ਹੀ 84 ਹਜ਼ਾਰ ਤੋਂ ਟੱਪਦਾ ਨਜ਼ਰ ਆ ਰਿਹਾ ਹੈ। ਓਨਟਾਰੀਓ ਦਾ ਕੌਰਨਵਾਲ ਅਤੇ ਕਿਊਬਿਕ ਦਾ ਅਕਵੇਜ਼ਨ ਇਲਾਕਾ ਵਾਸੀਆਂ ਦੇ ਸਰਹੱਦ ਪਾਰ ਕਰਨ ਵਾਸਤੇ ਢੁੱਕਵੀਆਂ ਥਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਸੰਭਾਵਤ ਤੌਰ ‘ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ‘ਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਕਿਊਬਿਕ ਦਾ ਰੋਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਾਜਾਇਜ਼ ਪਰਵਾਸ ‘ਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਅਤੇ ਅਮਰੀਕਾ ਜਾਣ ਦੇ ਇੱਛੁਕ ਲੋਕ ਆਪਣੀ ਜਾਨ ਖਤਰੇ ‘ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਦੱਸਣਯੋਗ ਹੈ ਕਿ ਇਸ ਗੈਰ ਕਾਨੂੰਨੀ ਬਾਰਡਰ ਕਰਾਸਿੰਗ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆ ਹਨ। ਹਾਲੇ ਕੁਝ ਸਮੇਂ ਪਹਿਲੇ ਹੀ ਇਕ ਗੁਜਰਾਤੀ ਮੂਲ ਦੇ ਕੁੱਝ ਪਰਿਵਾਰ ਵੀ ਹਾਦਸੇ ਦਾ ਸ਼ਿਕਾਰ ਹੋਏ ਸਨ।