#PUNJAB

ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ‘ਚ ਤਬਦੀਲ

ਐੱਨ.ਸੀ.ਬੀ. ਨੇ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਤਹਿਤ ਹਿਰਾਸਤ ‘ਚ ਲਿਆ
ਬਠਿੰਡਾ, 24 ਮਾਰਚ (ਪੰਜਾਬ ਮੇਲ)- ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਅਸਾਮ ਸਥਿਤ ਸਿਲਚਰ ਜੇਲ੍ਹ ‘ਚ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਵੱਲੋਂ ਇਹ ਕਾਰਵਾਈ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਅਧੀਨ ਕੀਤੀ ਗਈ ਹੈ। ਕਾਨੂੰਨੀ ਮਾਹਿਰਾਂ ਮੁਤਾਬਿਕ ਇਹ ਕਾਨੂੰਨ ਵੀ ਕੌਮੀ ਸੁਰੱਖਿਆ ਐਕਟ ਵਾਂਗ ਕਾਫ਼ੀ ਸਖ਼ਤ ਹੈ। ਇਸ ਕਾਨੂੰਨ ਨੂੰ ਇਕ ਸਾਲ ਤੱਕ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਜ਼ਮਾਨਤ ਸੰਭਵ ਹੈ। ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਛਤਰੀ ਹੇਠ ਬਠਿੰਡਾ ਤੋਂ ਚੰਡੀਗੜ੍ਹ ਲਿਜਾਇਆ ਗਿਆ ਅਤੇ ਅੱਗੇ ਉਸ ਨੂੰ ਜਹਾਜ਼ ਰਾਹੀਂ ਅਸਾਮ ਭੇਜਿਆ ਜਾਵੇਗਾ। ਸੂਤਰਾਂ ਅਨੁਸਾਰ ਜੱਗੂ ਭਗਵਾਨਪੁਰੀਆ ‘ਤੇ 128 ਕੇਸ ਦਰਜ ਹਨ ਅਤੇ ਇਨ੍ਹਾਂ ‘ਚੋਂ 13 ਕੇਸ ਐੱਨ.ਡੀ.ਪੀ.ਐੱਸ. ਐਕਟ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਵੀ ਪੰਜ ਵੱਡੇ ਨਸ਼ਾ ਤਸਕਰ ਪੰਜਾਬ ਤੋਂ ਆਸਾਮ ਭੇਜੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਗਵਾਨਪੁਰੀਆ ਦਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਨਾਂਅ ਬੋਲਦਾ ਹੈ।
ਜੱਗੂ ਭਗਵਾਨਪੁਰੀਆ, ਜਿਸ ਦਾ ਅਸਲ ਨਾਮ ਜਗਦੀਪ ਸਿੰਘ ਹੈ। ਉਸ ਖ਼ਿਲਾਫ਼ ਪਿਸਟਲ, ਰਿਵਾਲਵਰ ਅਤੇ ਗੋਲੀ-ਸਿੱਕਾ ਸਮੇਤ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਵੀ ਕੇਸ ਦਰਜ ਹਨ। ਸੂਤਰਾਂ ਮੁਤਾਬਕ ਤਫ਼ਸੀਲੀ ਜਾਂਚ ਤੋਂ ਬਾਅਦ ਹੀ ਗੈਂਗਸਟਰ ਖ਼ਿਲਾਫ਼ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਲਾਇਆ ਗਿਆ ਹੈ। ਖ਼ੁਫ਼ੀਆ ਰਿਪੋਰਟਾਂ ਜੱਗੂ ਭਗਵਾਨਪੁਰੀਆ ਦੀ ਪਾਕਿਸਤਾਨ ਆਧਾਰਿਤ ਸਪਲਾਇਰਾਂ ਅਤੇ ਕੈਨੇਡਾ ਤੇ ਅਮਰੀਕਾ ਦੇ ਕੌਮਾਂਤਰੀ ਨੈੱਟਵਰਕਾਂ ਨਾਲ ਸ਼ਮੂਲੀਅਤ ਦਰਸਾਉਂਦੀਆਂ ਹਨ। ਕੇਂਦਰ ਸਰਕਾਰ ਦੇ ਸੰਯੁਕਤ ਸਕੱਤਰ (ਪੀ.ਆਈ.ਟੀ.-ਐੱਨ.ਡੀ.ਪੀ.ਐੱਸ.) ਦੇ 21 ਮਾਰਚ ਦੇ ਨਿਰਦੇਸ਼ਾਂ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਗੈਂਗਸਟਰ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਪੰਜਾਬ ਤੇ ਨੇੜਲੇ ਖੇਤਰਾਂ ਵਿਚ ਵਧ ਰਹੇ ਅਪਰਾਧਿਕ ਨੈੱਟਵਰਕਾਂ ਨੂੰ ਤੋੜਨਾ ਹੈ।