#PUNJAB

ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਰਿਮਾਂਡ ਖ਼ਤਮ ਹੋਣ ‘ਤੇ ਜੇਲ੍ਹ ਭੇਜਿਆ

-ਪੁਲਿਸ ਆਮਦਨ ਦੇ ਸਰੋਤਾਂ ਦੀ ਕਰ ਰਹੀ ਜਾਂਚ
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਪੰਜਾਬ ਮੇਲ)- ਸ੍ਰੀ ਮੁਕਤਸਰ ਸਾਹਿਬ ਦੀ ਇੱਕ ਸਥਾਨਕ ਅਦਾਲਤ ਨੇ ਭਗੌੜੇ ਅੱਤਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਨਿਆਂਇਕ ਹਿਰਾਸਤ (ਜੇਲ੍ਹ) ਵਿਚ ਭੇਜ ਦਿੱਤਾ ਹੈ। ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰੀਤਪਾਲ ਕੌਰ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਸੀ। ਇਨ੍ਹਾਂ ਦੋਵਾਂ ਨੂੰ ਪੰਜਾਬ ਪੁਲਿਸ ਨੇ ਬੀਤੇ ਸੋਮਵਾਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਕਾਰਵਾਈ ਸਾਲ 2024 ਵਿਚ ਇੱਕ ਸਰਕਾਰੀ ਸਕੂਲ ਅਧਿਆਪਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸ ਕੋਲੋ ਵਿਦੇਸ਼ੀ ਨੰਬਰ ਰਾਹੀਂ ਵਟਸਐਪ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਾ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿਚ ਸਾਬਕਾ ਏ.ਐੱਸ.ਆਈ. ਰਹਿ ਚੁੱਕਾ ਹੈ, ਜਿਸ ਨੂੰ 2021 ਵਿਚ ਇੱਕ ਕਤਲ ਕੇਸ ਵਿਚ ਨਾਮ ਆਉਣ ਤੋਂ ਬਾਅਦ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਸੀ।
ਪੁਲਿਸ ਹੁਣ ਇਸ ਪਰਿਵਾਰ ਦੇ ਆਮਦਨ ਦੇ ਸਰੋਤਾਂ ਅਤੇ ਗੈਂਗਸਟਰ ਨੈੱਟਵਰਕ ਨਾਲ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਗੋਲਡੀ ਬਰਾੜ, ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਹੈ, ਦੇ ਵਿਰੁੱਧ ਪੁਲਿਸ ਨੇ ‘ਗੈਂਗਸਟਰਾਂ ਵਿਰੁੱਧ ਮੁਹਿੰਮ’ (ਆਪਰੇਸ਼ਨ ਪ੍ਰਹਾਰ) ਤਹਿਤ ਸ਼ਿਕੰਜਾ ਹੋਰ ਕੱਸ ਦਿੱਤਾ ਹੈ।