ਮੁਕਤਸਰ, 27 ਜਨਵਰੀ (ਪੰਜਾਬ ਮੇਲ)- ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਮਾਪਿਆਂ ਨੂੰ ਮੁਕਤਸਰ ਜ਼ਿਲ੍ਹਾ ਪੁਲਿਸ ਨੇ ਜਬਰਨ ਵਸੂਲੀ ਦੇ ਇੱਕ 2024 ਦੇ ਮਾਮਲੇ ਵਿਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਸੂਬਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਨੈੱਟਵਰਕਾਂ ਵਿਰੁੱਧ ਤੇਜ਼ ਕੀਤੀ ਗਈ ਕਾਰਵਾਈ ਦੌਰਾਨ ਹੋਈਆਂ ਹਨ।
ਸਦਰ ਮੁਕਤਸਰ ਪੁਲਿਸ ਸਟੇਸ਼ਨ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਪਿਤਾ ਅਤੇ ਮਾਤਾ ਨੂੰ ਅੰਮ੍ਰਿਤਸਰ ਤੋਂ ਉਦੇਕਰਨ ਪਿੰਡ ਦੇ ਇੱਕ ਵਸਨੀਕ ਦੇ ਬਿਆਨਾਂ ‘ਤੇ ਦਰਜ ਜਬਰਨ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰੀਤਪਾਲ ਕੌਰ ਇੱਥੇ ਕੋਟਕਪੂਰਾ ਰੋਡ ਸਥਿਤ ਆਦੇਸ਼ ਨਗਰ ਦੇ ਰਹਿਣ ਵਾਲੇ ਹਨ ਅਤੇ ਇਹ ਪਰਿਵਾਰ ਅਸਲ ਵਿਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਪੁਲਿਸ ਵਿਚ ਸਾਬਕਾ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਰਹੇ ਸ਼ਮਸ਼ੇਰ ਸਿੰਘ ਨੂੰ ਮੁਕਤਸਰ ਜ਼ਿਲ੍ਹੇ ਵਿਚ ਇੱਕ ਕਤਲ ਦੇ ਕੇਸ ਵਿਚ ਕਥਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ 2021 ਵਿਚ ਸੇਵਾਮੁਕਤ ਕਰ ਦਿੱਤਾ ਗਿਆ ਸੀ।
ਗੋਲਡੀ, ਜੋ ਕਿ ਇੱਕ ‘ਇਸ਼ਤਿਹਾਰੀ ਭਗੌੜਾ’ ਹੈ, 2022 ਵਿਚ ਮਾਨਸਾ ਜ਼ਿਲ੍ਹੇ ਵਿਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮਾਂ ਵਿਚੋਂ ਇੱਕ ਹੈ। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ 2024 ਵਿਚ ਜਾਰੀ ਕੀਤੇ ਗਏ ਇੱਕ ਜਨਤਕ ਨੋਟਿਸ ਅਨੁਸਾਰ, ਗੋਲਡੀ ਦੇ ਕੈਨੇਡਾ ਜਾਂ ਸੰਯੁਕਤ ਰਾਜ ਅਮਰੀਕਾ ਵਿਚ ਹੋਣ ਦਾ ਸ਼ੱਕ ਹੈ ਅਤੇ ਉਹ 2017 ਵਿਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ।
ਗੋਲਡੀ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਸੀ ਪਰ ਖ਼ਬਰਾਂ ਮੁਤਾਬਕ ਪਿਛਲੇ ਸਾਲ ਉਸ ਤੋਂ ਵੱਖ ਹੋ ਗਿਆ ਸੀ। ਸਾਲ 2024 ਵਿਚ, ਕੇਂਦਰੀ ਗ੍ਰਹਿ ਮੰਤਰਾਲੇ ਨੇ ਗੋਲਡੀ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੇ ਤਹਿਤ ”ਵਿਅਕਤੀਗਤ ਅੱਤਵਾਦੀ” ਘੋਸ਼ਿਤ ਕੀਤਾ ਸੀ।
ਗੈਂਗਸਟਰ ਗੋਲਡੀ ਬਰਾੜ ਦੇ ਮਾਪੇ ਪੁਲਿਸ ਵੱਲੋਂ ਗ੍ਰਿਫ਼ਤਾਰ

