ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਪੰਜਾਬ ਮੇਲ)- ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਿਤਪਾਲ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ‘ਚ ਦਰਜ ਰੰਗਦਾਰੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਇਕ ਕੇਸ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। 26 ਜਨਵਰੀ ਨੂੰ ਦੋਵਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਮਿਲਿਆ ਸੀ, ਜੋ 27 ਜਨਵਰੀ ਨੂੰ ਖਤਮ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਮੰਗਲਵਾਰ ਦੀ ਦੇਰ ਸ਼ਾਮ ਸੀ.ਜੇ.ਐੱਮ. ਨੀਰਜ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ 30 ਜਨਵਰੀ ਤੱਕ ਦਾ ਰਿਮਾਂਡ ਮਿਲਿਆ।
ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਦੇ ਰਿਟਾਇਰਡ ਏ.ਐੱਸ.ਆਈ. ਹਨ। ਇਸ ਮਾਮਲੇ ਵਿਚ ਫਿਲਹਾਲ ਗੋਲਡੀ ਬਰਾੜ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਗੋਲਡੀ ਬਰਾੜ ਦੇ ਮਾਤਾ-ਪਿਤਾ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਵਿਚ 3 ਦਸੰਬਰ 2024 ਨੂੰ ਦਰਜ ਰੰਗਦਾਰੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇਕ ਸਰਕਾਰੀ ਕਰਮਚਾਰੀ ਸਤਨਾਮ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਵਟਸਐਪ ਕਾਲ ਰਾਹੀਂ ਰੰਗਦਾਰੀ ਦੀ ਧਮਕੀ ਦਿੱਤੀ ਗਈ ਸੀ।
ਸ਼ਿਕਾਇਤਕਰਤਾ ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਪਿਛਲੇ 33 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ 27 ਨਵੰਬਰ 2024 ਨੂੰ ਸਕੂਲ ਵਿਚ ਡਿਊਟੀ ਦੌਰਾਨ ਉਸਨੂੰ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸਦਿਆਂ ਉਸ ਤੋਂ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ। ਮੁਲਜ਼ਮ ਨੇ ਰੁਪਏ ਨਾ ਦੇਣ ‘ਤੇ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ 3 ਦਸੰਬਰ 2024 ਨੂੰ ਵੀ ਡਿਊਟੀ ‘ਤੇ ਜਾਂਦੇ ਸਮੇਂ ਉਸਨੂੰ ਉਸੇ ਨੰਬਰ ਤੋਂ ਕਾਲ ਆਈ, ਤਾਂ ਉਹ ਘਬਰਾ ਗਿਆ। ਉਸ ਵਾਰ ਉਸਨੇ ਕਾਲ ਤਾਂ ਰਿਸੀਵ ਨਹੀਂ ਕੀਤੀ, ਪਰ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ, ਜਿਸ ‘ਤੇ 3 ਦਸੰਬਰ 2024 ਨੂੰ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ। ਹੁਣ ਕਰੀਬ ਇਕ ਸਾਲ ਤੋਂ ਵੱਧ ਸਮੇਂ ਬਾਅਦ 24 ਜਨਵਰੀ, 2026 ਨੂੰ ਫਿਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਮਾਮਲੇ ਦੀ ਤਫਤੀਸ਼ ਕਰਦਾ ਰਿਹਾ ਹੈ ਅਤੇ ਇਸ ਵਿਚ ਸਾਬਕਾ ਏ.ਐੱਸ.ਆਈ. ਸ਼ਮਸ਼ੇਰ ਸਿੰਘ ਦਾ ਹੱਥ ਹੈ। ਪੁਲਿਸ ਨੇ 25 ਜਨਵਰੀ 2026 ਨੂੰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਿਤਪਾਲ ਕੌਰ ਦਾ ਨਾਮ ਬਤੌਰ ਮੁਲਜ਼ਮ ਕੇਸ ‘ਚ ਸ਼ਾਮਲ ਕਰ ਲਿਆ ਅਤੇ ਲੋਕੇਸ਼ਨ ਟਰੇਸ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਸਥਿਤ ਇਕ ਹੋਟਲ ਤੋਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਧਰ ਵਕੀਲ ਬਾਬੂ ਸਿੰਘ ਸਿੱਧੂ ਦੇ ਅਨੁਸਾਰ ਇਸ ਕੇਸ ਵਿਚ ਗੋਲਡੀ ਬਰਾੜ ਦਾ ਨਾਮ ਕਿਤੇ ਵੀ ਸਾਹਮਣੇ ਨਹੀਂ ਆਇਆ ਹੈ। ਸ਼ਿਕਾਇਤਕਰਤਾ ਸਤਨਾਮ ਸਿੰਘ ਦੀ ਸ਼ਮਸ਼ੇਰ ਸਿੰਘ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਹੈ। ਇਸੇ ਰੰਜਿਸ਼ ਤਹਿਤ ਉਹ ਦੋਹਾਂ ਦਾ ਨਾਮ ਲੈ ਰਿਹਾ ਹੈ ਅਤੇ ਇਹ ਸਾਰੀ ਕਾਰਵਾਈ ਰੰਜਿਸ਼ਨ ਹੋਈ ਹੈ। ਇਸਦਾ ਰੰਗਦਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਦਾ 30 ਜਨਵਰੀ ਤੱਕ ਰਿਮਾਂਡ

