#AMERICA

ਗੂਗਲ ਦੀ ਸਾਬਕਾ ਭਾਰਤੀ-ਅਮਰੀਕੀ ਮਹਿਲਾ ਅਧਿਕਾਰੀ ਦਾ ਪਤੀ ਵੱਲੋਂ ਕਤਲ

-ਬਚਾਅ ਕਰਨ ਆਇਆ ਪੁੱਤਰ ਗੰਭੀਰ ਜ਼ਖ਼ਮੀ, ਮੁਲਜ਼ਮ ਪਤੀ ਗ੍ਰਿਫ਼ਤਾਰ
ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਸੂਬੇ ‘ਚ ਗੂਗਲ ਦੀ ਇੱਕ ਸਾਬਕਾ ਉੱਚ ਭਾਰਤੀ-ਅਮਰੀਕੀ ਮਹਿਲਾ ਅਧਿਕਾਰੀ ਦਾ ਉਸ ਦੇ ਪਤੀ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 57 ਸਾਲਾ ਸ਼ੀਤਲ ਵ੍ਰਜੇਸੀਅਨ ਵਜੋਂ ਹੋਈ ਹੈ, ਜੋ ਤਕਨਾਲੋਜੀ ਦੇ ਖੇਤਰ ਵਿਚ ਇੱਕ ਮੰਨੀ-ਪ੍ਰਮੰਨੀ ਸ਼ਖਸੀਅਤ ਸੀ। ਇਸ ਖ਼ੂਨੀ ਝੜਪ ਦੌਰਾਨ ਮਾਂ ਨੂੰ ਬਚਾਉਣ ਆਇਆ ਉਨ੍ਹਾਂ ਦਾ 23 ਸਾਲਾ ਪੁੱਤਰ ਜੇਸਨ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸਥਾਨਕ ਪੁਲਿਸ ਮੁਤਾਬਕ ਇਹ ਖ਼ੌਫ਼ਨਾਕ ਵਾਰਦਾਤ ਐਟਲਾਂਟਾ ਦੇ ਨੇੜਲੇ ਇਲਾਕੇ ਕੋਬ ਕਾਊਂਟੀ (ਸਮਿਰਨਾ) ਸਥਿਤ ‘ਲੌਰੇਲ ਕਰੀਕ ਟ੍ਰੇਲ’ ‘ਤੇ ਬਣੇ ਜੋੜੇ ਦੇ ਆਲੀਸ਼ਾਨ ਘਰ ਵਿਚ ਰਾਤ ਦੇ ਕਰੀਬ 8 ਵਜੇ ਵਾਪਰੀ। ਪੁਲਿਸ ਨੂੰ ਇਲਾਕੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਸੁਰੱਖਿਆ ਕਰਮੀ ਮੌਕੇ ‘ਤੇ ਪਹੁੰਚੇ, ਤਾਂ ਘਰ ਦੇ ਅੰਦਰ ਸ਼ੀਤਲ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਜਿਸ ਦੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਡਾਕਟਰਾਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ਤੋਂ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 56 ਸਾਲਾ ਪਤੀ ਕਿਰਕ ਬੀ. ਵ੍ਰਜੇਸੀਅਨ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਹੱਤਿਆ ਘਰੇਲੂ ਕਲੇਸ਼ ਅਤੇ ਆਪਸੀ ਝਗੜੇ ਦੇ ਵਧਣ ਕਾਰਨ ਹੋਈ ਹੈ। ਗੁਆਂਢੀਆਂ ਨੇ ਦੱਸਿਆ ਕਿ ਜਦੋਂ ਪਤੀ-ਪਤਨੀ ਵਿਚਾਲੇ ਲੜਾਈ ਹੋ ਰਹੀ ਸੀ, ਤਾਂ ਪੁੱਤਰ ਜੇਸਨ ਨੇ ਵਿੱਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਗੁੱਸੇ ਵਿਚ ਆਏ ਪਿਤਾ ਨੇ ਉਸ ਦੀ ਪਿੱਠ ‘ਤੇ ਵੀ ਗੋਲੀ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿਚ ਪੁੱਤਰ ਭੱਜ ਕੇ ਗੁਆਂਢੀਆਂ ਦੇ ਘਰ ਪਹੁੰਚਿਆ, ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਬੁਲਾਈ।
ਇਸ ਸ਼ਾਂਤਮਈ ਰਿਹਾਇਸ਼ੀ ਇਲਾਕੇ ਵਿਚ ਵਾਪਰੀ ਇਸ ਖ਼ੂਨੀ ਘਟਨਾ ਨੇ ਸਥਾਨਕ ਭਾਰਤੀ ਭਾਈਚਾਰੇ ਅਤੇ ਗੁਆਂਢੀਆਂ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਹੈ। ਪਿਛਲੇ 20 ਸਾਲਾਂ ਤੋਂ ਇਸੇ ਗਲੀ ਵਿਚ ਰਹਿ ਰਹੀ ਇੱਕ ਮਹਿਲਾ ਗੁਆਂਢੀ ਜੋਆਨ ਐਂਡਰਸਨ ਨੇ ਦੱਸਿਆ ਕਿ ਉਹ ਅਚਾਨਕ ਹੋਈ ਹਲਚਲ ਅਤੇ ਪੁਲਿਸ ਦੀਆਂ ਗੱਡੀਆਂ ਦੇ ਸਾਈਰਨ ਸੁਣ ਕੇ ਦਹਿਸ਼ਤ ਵਿਚ ਆ ਗਏ ਸਨ। ਸ਼ੁਰੂ ਵਿਚ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੂੰ ਦਿਲ ਦਾ ਦੌਰਾ ਪਿਆ ਹੈ, ਪਰ ਬਾਅਦ ਵਿਚ ਜਦੋਂ ਅਸਲ ਸੱਚਾਈ ਸਾਹਮਣੇ ਆਈ ਤਾਂ ਸਭ ਦੇ ਹੋਸ਼ ਉੱਡ ਗਏ।
ਦੱਸਣਯੋਗ ਹੈ ਕਿ ਸ਼ੀਤਲ ਵ੍ਰਜੇਸੀਅਨ ਤਕਨੀਕੀ ਜਗਤ ਵਿਚ ਬਹੁਤ ਸਤਿਕਾਰਤ ਨਾਂ ਸੀ। ਉਨ੍ਹਾਂ ਨੇ ‘ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ’ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਗੂਗਲ ਵਿਚ ਸੀਨੀਅਰ ਡਾਇਰੈਕਟਰ ਤੇ ਇੰਜੀਨੀਅਰਿੰਗ ਲੀਡਰ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾ ਚੁੱਕੇ ਸਨ। ਉਨ੍ਹਾਂ ਦੇ ਨਾਂ ‘ਤੇ ਦੋ ਸਾਫਟਵੇਅਰ ਪੇਟੈਂਟ ਵੀ ਦਰਜ ਸਨ। ਪੁਲਿਸ ਨੇ ਮੁਲਜ਼ਮ ਪਤੀ ਕਿਰਕ ਖ਼ਿਲਾਫ਼ ਕਤਲ (ਫੈਲੋਨੀ ਮਰਡਰ), ਜਾਨਲੇਵਾ ਹਮਲੇ ਦੀਆਂ ਧਾਰਾਵਾਂ ਅਤੇ ਨਜਾਇਜ਼ ਹਥਿਆਰ ਰੱਖਣ ਦੇ ਸੰਗੀਨ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੋਬ ਕਾਊਂਟੀ ਅਡਲਟ ਡਿਟੈਂਸ਼ਨ ਸੈਂਟਰ ਵਿਚ ਬਿਨਾਂ ਜ਼ਮਾਨਤ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।